ਇਲਾਹੀ ਸਰੂਰ ਹੈ
ਮਿਹਨਤਾਂ ਨੂੰ ਬੂਰ ਹੈ,
ਵਿਸ਼ਵਾਸਾਂ ਚ ਭਰਪੂਰ ਹੈ,
ਮੇਰਾ ਹਜ਼ੂਰ ਹੈ,
ਤੇਰਾ ਵੀ ਤਾਂ ਜ਼ਰੂਰ ਹੈ,
ਹਨੇਰਿਆਂ ਤੋਂ ਦੂਰ ਹੈ,
ਨਿਰੰਕਾਰ ਓ ਨਿਰੰਕਾਰ।
ਹਵਾਵਾਂ ਚ ਵਸਦਾ ਹੈ,
ਕੁਦਰਤ ਚ ਰਚਦਾ ਹੈ,
ਫੁੱਲਾਂ ਚ ਹੱਸਦਾ ਹੈ,
ਹਰ ਪਲ ਦੱਸਦਾ ਹੈ,
ਖੁਸ਼ੀਆਂ ਚ ਨੱਚਦਾ ਹੈ,
ਕੋਈ ਤਾਂ ਜ਼ਰੂਰ ਹੈ,
ਨਿਰੰਕਾਰ ਓ ਨਿਰੰਕਾਰ।
ਆਦਿ ਹੈ ਅਕਾਲ ਹੈ,
ਸਰਬੱਤ ਹੈ ਸਮਾਲ ਹੈ,
ਅਪਹੁੰਚ ਹੈ ਅਗਾਧ ਹੈ,
ਇੱਕ ਹੈ ਨਿਰਾਕਾਰ ਹੈ,
ਸਮਿਆਂ ਤੋਂ ਪਾਰ ਹੈ,
ਦਸਵਾਂ ਦੁਆਰ ਹੈ,
ਨਿਰੰਕਾਰ ਓ ਨਿਰੰਕਾਰ।
ਬਹਾਰ ਹੈ ਬਸੰਤ ਹੈ,
ਬਾਲ ਹੈ ਸੰਤ ਹੈ,
ਗੋਪੀ ਹੈ ਕੰਤ ਹੈ,
ਬਿਰਖ ਹੈ ਜੰਤ ਹੈ,
ਰਾਮ ਹੈ ਭਗਵੰਤ ਹੈ,
ਜਲ ਹੈ ਜਲੰਤ ਹੈ,
ਨਿਰੰਕਾਰ ਓ ਨਿਰੰਕਾਰ।
ਗਨੀਮਤ ਹੈ ਗਰੀਬ ਹੈ,
ਦਇਆ ਹੈ ਸਲੀਬ ਹੈ,
ਅਪਹੁੰਚ ਹੈ ਕਰੀਬ ਹੈ,
ਸਖਾ ਹੈ ਰਕੀਬ ਹੈ,
ਰੋਗ ਹੈ ਅਦੀਬ ਹੈ,
ਹਰ ਦਿਲ ਅਜੀਜ ਹੈ,
ਨਿਰੰਕਾਰ ਓ ਨਿਰੰਕਾਰ।
ਹਾਜੀ ਹੈ ਖੁਦਾ ਹੈ,
ਝੋਲ ਹੈ ਦੁਆ ਹੈ,
ਰੋਗ ਹੈ ਦਵਾ ਹੈ,
ਬਖ਼ਸ਼ਿਸ਼ ਹੈ ਸਜ਼ਾ ਹੈ,
ਪਰਬਤ ਹੈ ਜ੍ਹਰਾ ਹੈ,
ਨਿਰੰਕਾਰ ਓ ਨਿਰੰਕਾਰ।
ਅਦਿੱਖ ਹੈ ਨਿਗਾਹ ਹੈ,
ਮੌਜੂਦ ਹਰ ਜਗਾਹ ਹੈ,
ਬੂੰਦ ਹੈ ਅਸਗਾਹ ਹੈ,
ਪਲ-ਪਲ ਗਵਾਹ ਹੈ,
ਖ਼ੈਰ ਹੈ ਖਵਾਹ ਹੈ,
ਕੌਲ ਹੈ ਵਫਾ ਹੈ ।
ਨਿਰੰਕਾਰ ਓ ਨਿਰੰਕਾਰ।
ਆਪੇ ਜਨਮੇ ਆਪ ਖਿਡਾਵੇ,
ਆਪੇ ਖਾਵੇ ਆਪ ਰਜਾਵੇ,
ਆਪੇ ਬੋਲੇ ਆਪ ਕਹਾਵੇ,
ਆਪੇ ਨੱਚੇ ਆਪ ਨਚਾਵੇ,
ਆਪੇ ਹੱਸੇ ਆਪ ਰਵਾਵੇ,
ਮੰਗਤਾ ਕਦੇ ਰਾਜਨ ਬਣ ਜਾਵੇ,
ਕਣ ਕਣ ਦੇ ਵਿੱਚ ਜੋਤ ਜਗਾਵੇ,
ਨਿਰੰਕਾਰ ਓ ਨਿਰੰਕਾਰ।
ਬਹਾਰਾਂ ਚ’ ਸੁਹੱਪਣ ਭਰਦਾ,
ਰੂਹਾਂ ਨੂੰ ਰੌ਼ਸ਼ਨ ਕਰਦਾ,
ਪੱਥਰਾਂ ਚ’ ਜੀਵਨ ਕਰਦਾ,
ਧੜਕਣਾਂ ਚ’ ਵਾਸਾ ਕਰਦਾ,
ਹਨੇਰਆਂ ਨੂੰ ਚਾਨਣ ਕਰਦਾ,
ਨਿਰੰਕਾਰ ਓ ਨਿਰੰਕਾਰ।
ਨਿਰੰਕਾਰ ਓ ਨਿਰੰਕਾਰ।
-ਗੁਰਬਾਜ ਸਿੰਘ