ਲੱਖ ਕੋਸ਼ਿਸ਼ ਕੀਤੀ ਐ ਜਰਵਾਣਿਆਂ, ਨਾ ਕਦੇ ਵੀ ਪੰਜਾਬ ਟੁੱਟਿਆ।
ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।
ਜੀਂਦਾ ਰਿਹਾ ਇਹ ਤਾਂ ਗੁਰੂਆਂ ਦੇ ਨਾਂ ਤੇ।
ਖਾਲੀ ਮੋੜਿਆ ਨਾ ਆਇਆ ਜੋ ਦਰਾਂ ਤੇ।
ਸਾਰੇ ਜੱਗ ਜੀਹਦੀ ਛਾਂ ਤਾਈਂ ਮਾਣਿਆ, ਕਿਉ ਚਾਹੁੰਦੇ ਇਹ ਜਾਵੇ ਪੁੱਟਿਆ ?
ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।
ਤਾਜਾਂ ਵਾਲਿਆਂ ਨੇ ਇਹਦੇ ਅੰਗ ਵੱਢੇ ਨੇ।
ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢੇ ਨੇ।
ਰੱਜ ਹਾਕਮਾਂ ਨੇ ਏਸ ਤਾਈਂ ਛਾਣਿਆ,ਤੇ ਚੰਡੀਗੜ੍ਹ ਪਰ੍ਹੇ ਸੁੱਟਿਆ।
ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।
ਬਾਰ ਬਾਰ ਇਹਦੇ ਉੱਤੇ ਹੋਏ ਹੱਲੇ ਨੇ।
ਇਹਦੇ ਲੋਕਾਂ ਨੇ ਤਸੀਹੇ ਬੜੇ ਝੱਲੇ ਨੇ।
ਭੇਦ ਏਸਦਾ ਤਾਂ ਕਿਸੇ ਵੀ ਨਾ ਜਾਣਿਆ, ਕਿ ਜਾਲਮਾਂ ਬਥੇਰਾ ਕੁੱਟਿਆ।
ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।
ਕਰੇ ਕਿਰਤ ਅਸੂਲ ਇਹਦੇ ਖਾਸ ਜੀ।
ਇਹਦੀ ਰੂਹ ਵਿੱਚ ਨਾਮ ਦਾ ਤਾਂ ਵਾਸ ਜੀ।
ਸਦਾ ਵੰਡਣਾ ਹੈ ਇਹਨੇ ਦਿਲ ਠਾਣਿਆ,ਤੇ ਕਦੇ ਵੀ ਨਾ ਹੱਥ ਘੁੱਟਿਆ।
ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।
ਖੁੱਲੇ ਦਿਲਾਂ ਨਾਲ ਪ੍ਰੀਤਾਂ ਪਿਆ ਪਾਲਦਾ।
ਭਲਾ ਸਾਰਿਆਂ ਦਾ ਹਰ ਵੇਲੇ ਭਾਲਦਾ।
ਫੁੱਲ ਫਲ਼ ਵੰਡੇ ਸਦਾ ਇਹਦੇ ਟਾਹਣਿਆਂ, ਨਾ ਕਾਜ ਅੱਜ ਤੀਕ ਛੁੱਟਿਆ।
ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।
ਆਪ ਡਰੇ ਨਾ ਤੇ ਕਿਸੇ ਨੂੰ ਡਰਾਵੇ ਨਾ।
(ਪਰ)ਇਹਦੀ ਇੱਜਤ ਨੂੰ ਕੋਈ ਹੱਥ ਪਾਵੇ ਨਾ।
ਡੇਗ ਲੈਂਦਾ ਏ ਇਹ ਵੱਡੇ ਵੱਡੇ ਰਾਣਿਆ, ਹੈ ਜਿਸ ਨੇ ਵੀ ਇਹਨੂੰ ਕੁੱਟਿਆ।
ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।