ਕੈਲਗਰੀ, (ਗੁਰਨਾਮ ਕੌਰ)ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ 18 ਜਨਵਰੀ ਦਿਨ ਐਤਵਾਰ ਨੂੰ ਭਰਵੀਂ ਹਾਜ਼ਰੀ ਵਿੱਚ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਾਰੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਤੋਂ ਬਾਅਦ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਜੀ ਨੇ 16 ਫਰਵਰੀ ਦਿਨ ਸੋਮਵਾਰ ( ਫੈਮਲੀ ਡੇ ) ਵਾਲੇ ਦਿਨ “ਲੋਕ ਕੀ ਕਹਿਣਗੇ” ਦੇ ਬੈਨਰ ਹੇਠ ਫ਼ਾਲਕੋਨਰਿਜ ਕਮਿਊਨਿਟੀ ਹਾਲ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ 11.00 ਵਜੇ ਸ਼ੁਰੂ ਹੋਵੇਗਾ ,ਜਿਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ।ਪਹਿਲੇ ਹਿੱਸੇ ਵਿੱਚ ਸਰੋਤਿਆਂ ਦੀ ਲੇਖਕਾਂ ਅਤੇ ਕਿਤਾਬਾਂ ਨਾਲ ਮੁਲਾਕਾਤ ਕਰਵਾਈ ਜਾਵੇਗੀ ਅਤੇ ਸਭਾ ਦੇ ਦਸਾਂ ਸਾਲਾਂ ਦੇ ਇਸ ਸੁਹਾਵਨੇ ਸਫ਼ਰ ਦੀਆਂ ਫੋਟੋਆਂ ਨੂੰ ਸਲਾਈਡਾਂ ਰਾਹੀਂ ਦ੍ਰਿਸ਼ਟਮਾਨ ਕੀਤਾ ਜਾਵੇਗਾ।
ਸੀਨੀਅਰਜ਼ ਸਸ਼ਕਤੀਕਰਨ ਬਾਰੇ ਗੱਲ ਬਾਤ ਹੋਵੇਗੀ ਅਤੇ ਯੰਗਸਤਾਨ ਵਲੋਂ ਕੁਇਜ਼ ਪ੍ਰੋਗਰਾਮ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਵਿਚਲੇ ਫ਼ਾਸਲੇ ਨੂੰ ਕਿਵੇਂ ਘਟਾਇਆ ਜਾਵੇ, ਬਾਰੇ ਸੁਆਲ ਜਵਾਬ ਹੋਣਗੇ। ਇਸ ਸਬੰਧੀ ਇੱਕ ਸਕਿੱਟ ਕਰਵਾ ਕੇ ਸਰੋਤਿਆਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਸਬੰਧ ਵਿੱਚ ਥਿੰਦ ਭੈਣ ਜੀ ਨੇ ਵਲੰਟੀਅਰ ਸੇਵਾਵਾਂ ਬਾਰੇ ਭੈਣਾਂ ਦੀ ਸਹਿਮਤੀ ਵੀ ਲਈ ਅਤੇ ਉਨ੍ਹਾਂ ਦੇ ਕੰਮਾਂ ਦੀ ਵੰਡ ਵੀ ਕਰ ਦਿੱਤੀ ਗਈ। ਨਵੀਆਂ ਆਈਆਂ ਭੈਣਾਂ ਨਾਲ ਜਾਣ ਪਛਾਣ ਕਰਵਾਈ ਜਿਨ੍ਹਾਂ ਵਿੱਚ ਵੀਰਪਾਲ ਕੌਰ ਮੁਹਾਲੀ, ਸੁਰਿੰਦਰ ਕੌਰ ਕੰਗ ਅਤੇ ਉਸ ਦੀ ਪੰਜ ਸਾਲਾਂ ਦੀ ਪੋਤੀ ਰਹਿਮਤ, ਪ੍ਰਿਅੰਕਾ ਅਤੇ ਅਮਰਜੀਤ ਕੌਰ ਥਰੀਕੇ ਸ਼ਾਮਲ ਸਨ।
ਗੁਰਦੀਸ਼ ਕੌਰ ਗਰੇਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾ ਸੁਣਾਈ। ਮੁਖਤਿਆਰ ਕੌਰ ਧਾਲੀਵਾਲ, ਪ੍ਰਿੰਸੀਪਲ ਚਰਨਦੀਪ ਕੌਰ ਅਤੇ ਜੁਗਿੰਦਰ ਪੁਰਬਾ ਨੇ ਲੋਹੜੀ ਦੇ ਗੀਤ ਗਾਏ।
ਬਲਦੇਵ ਕੌਰ, ਹਰਜੀਤ ਕੌਰ ਜੌਹਲ, ਸੁਰਿੰਦਰ ਕੌਰ ਗਿੱਲ, ਅਮਰਜੀਤ ਸੱਗੂ ਅਤੇ ਬਲਵੀਰ ਕੌਰ ਗਰੇਵਾਲ ਨੇ ਲੋਕ ਗੀਤ ਗਾ ਕੇ ਰੌਣਕਾਂ ਲਾ ਦਿੱਤੀਆਂ।ਇੰਦੂ ਸ਼ਰਮਾ ਨੇ ਭਾਵੇਂ ਬੂਟ ਪਾਲਸ਼ਾਂ ਕਰੀਏ ਗਾਣੇ ਤੇ ਡਾਂਸ ਕਰਕੇ ਰੰਗ ਬੰਨ੍ਹ ਦਿੱਤਾ।ਕਿਰਨ ਕਲਸੀ ਨੇ ਸ਼ੈਕਸਪੀਅਰ ਦੇ ਲਿਖੇ ਟੋਟਕੇ ਸੁਣਾਏ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ 42 ਸਾਲ ਦੀ ਉਮਰ ਵਿਚ ਉਹ ਮਹਾਨ ਕਾਰਨਾਮੇ ਕਰ ਦਿਖਾਏ ਜੋ ਪੂਰੀ ਦੁਨੀਆ ਵਿੱਚ ਅੱਜ ਤੱਕ ਵੀ ਕੋਈ ਨਹੀਂ ਕਰ ਸਕਿਆ। ਅਖੀਰ ਵਿੱਚ ਉਨ੍ਹਾਂ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ।
ਸਭਾ ਵੱਲੋਂ ਦੁਪਹਿਰ ਦਾ ਖਾਣਾ ਅਤੇ ਚਾਹ ਦਾ ਪ੍ਰਬੰਧ ਬਹੁਤ ਵਧੀਆ ਸੀ। ਸ਼ਿਵਾਲਿਕ ਟੀ ਵੀ ਚੈਨਲ ਵੱਲੋਂ ਪਰਮਜੀਤ ਸਿੰਘ ਭੰਗੂ,ਡੀ ਟੀ ਵੀ ਅਤੇ ਬਾਤ ਪੰਜਾਬ ਕੀ ਚੈਨਲ ਵੱਲੋਂ ਸਾਰੀ ਮੀਟਿੰਗ ਦੀ ਕਵਰੇਜ ਕੀਤੀ ਗਈ।ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ ।
ਬਲਵਿੰਦਰ ਕੌਰ ਬਰਾੜ ਪ੍ਰਧਾਨ 403 590 9629 ਗੁਰਚਰਨ ਕੌਰ ਥਿੰਦ ਕੋਆਰਡੀਨੇਟਰ 403 402 9635
