ਸਾਦ ਮੁਰਾਦੇ ਕੱਪੜੇ ਪਾ ਕੇ ਆਉਂਦੀ ਏ।
ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।
ਇਹਦੇ ਕੋਲ ਨੇ ਬਾਤਾਂ ਸੱਭਿਆਚਾਰ ਦੀਆਂ
ਮਾਂ ਬੋਲੀ ਦੇ ਸੱਚੇ ਬਰਖ਼ੁਰਦਾਰ ਦੀਆਂ
ਲੱਚਰਤਾ ਨੂੰ ਕੋਹਾਂ ਦੂਰ ਭਜਾਉਂਦੀ ਏ
ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।
ਇਸ ਨੂੰ ਚਿੰਤਾ ਰਹਿੰਦੀ ਕਿਰਤੀ ਵੀਰਾਂ ਦੀ
ਲੋਟੂਆਂ ਹੱਥੋਂ ਲੁੱਟਦੇ ਹੋਏ ਸਰੀਰਾਂ ਦੀ
ਜੋਕਾਂ ਨੂੰ ਛੱਡ ਲੋਕਾਂ ਨਾਲ ਖਲੋਂਦੀ ਏ
ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।
ਇਹ ਗੱਲ ਕਰਦੀ ਰਹਿੰਦੀ ਕੁਦਰਤ ਰਾਣੀ ਦੀ
ਧਰਤੀ, ਹਵਾ ਤੇ ਗੰਧਲੇ ਹੋਏ ਪਾਣੀ ਦੀ
ਬੱਚਿਆਂ ਅਤੇ ਬਜ਼ੁਰਗਾਂ ਨੂੰ ਸਮਝਾਉਂਦੀ ਏ
ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।
ਇਹ ਰੋਂਦੀ ਹੈ ਦੁੱਖੜੇ ਵੀਰ ਕਿਸਾਨਾਂ ਦੇ
ਮੁਟਿਆਰਾਂ ਦੇ ਟੁੱਟੇ ਹੋਏ ਅਰਮਾਨਾਂ ਦੇ
ਧੀਆਂ ਨੂੰ ਵੀ ਚੜ੍ਹਦੀ ਕਲਾ ਸਿਖਾਉਂਦੀ ਐ
ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।
ਇਹ ਚਾਹੁੰਦੀ ਏ, ਧੋ ਮੈਂ ਗਰਦ ਗੁਬਾਰ ਦਿਆਂ
ਹਰ ਇੱਕ ਦੇ ਦਿਲ ਅੰਦਰ ਬੀਜ ਪਿਆਰ ਦਿਆਂ
ਖੁਸ਼ਹਾਲੀ ਦੀ ਜੋਤ ਜਗਾਉਣਾ ਚਾਹੁੰਦੀ ਏ
ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।
ਨਜ਼ਮ, ਗਜ਼ਲ, ਦੋਹੇ ਤੇ ਗੀਤ ਬਣਾ ਦੇਵੇ
‘ਦੀਸ਼’ ਕਦੇ ਬੋਲੀ ਟੱਪੇ ਵੀ ਗਾ ਦੇਵੇ
ਸਿੱਖ ਇਤਿਹਾਸ ਦੀਆਂ ਵੀ ਬਾਤਾਂ ਪਾਉਂਦੀ ਏ
ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।
