(ਸ. ਜਸਵੰਤ ਸਿੰਘ ਘੁੰਮਣ ਦੇ ਸਦੀਵੀ ਵਿਛੋੜੇ ਤੇ)
ਕਈ ਦਿਨਾਂ ਤੋਂ
ਸਭਾ ਵਿਚ ਕੋਈ ਗੀਤ ਨਹੀਂ ਲੱਭਾ
ਨਾ ਹੀ ਕੋਈ ਹੇਕ ਧਾਹਾਂ ਮਾਰਦੀ
ਕਿਸੇ ਪਾਸਿਉਂ ਆਈ
ਮਹਿਫ਼ਿਲਾਂ ਨੂੰ
ਗੀਤਾਂ ਨਾਲ ਸਜਾਉਣ ਵਾਲਾ
ਆਪਣੇ ਗ਼ਮਾਂ ਨੂੰ ਲੁਕੋ ਕੇ
ਰਾਹਾਂ ਨੂੰ ਰੌਣਕਾਂ ਨਾਲ ਭਰਨ ਵਾਲਾ
ਸੁਰੀਲੀ ਅਵਾਜ਼ ਵਾਲਾ ਗੀਤ
ਪਤਾ ਨਹੀਂ ਕਿੱਥੇ ਛੁਪ ਗਿਆ ਹੈ
ਯਾਰ ਮੈਂ ਤਾਂ ਤੈਨੂੰ ਕਦ ਦਾ
ਉਡੀਕ ਰਿਹਾ ਸੀ
ਕਿ ਕਿਤੇ ਪਹਾੜਾਂ ਬੀਚਾਂ ਤੇ ਘੁੰਮਣ ਜਾਵਾਂਗੇ
ਤੂੰ ਤਾਂ 26 ਅਪ੍ਰੈਲ ਨੂੰ
ਵਾਪਸ ਆ ਜਾਣਾ ਸੀ
ਬੈਗ ਤੇਰਾ ਤਿਆਰ ਪਿਆ ਹੈ
ਪਾਸਪੋਰਟ ਤੇ ਹੋਰ ਡਾਕੂਮੈਂਟਸ
ਬੈਗ ਵਿੱਚ ਸਾਂਭੇ ਪਏ ਹਨ
ਤੇ ਅਸੀਂ ਤੈਨੂੰ ਲੱਭਦੇ ਫਿਰਦੇ ਹਾਂ
ਕਿੱਧਰ ਚਲਾ ਗਿਆ ਏਂ ਤੂੰ
ਗੀਤ ਗਾਉਣ ਵਾਲੇ ਕਦੇ
ਰਾਗ ਤੋਂ ਵੈਰਾਗੀ ਨਹੀਂ ਹੁੰਦੇ
ਤੂੰ ਯਾਰਾਂ ਵਿੱਚ ਚਰਚਾ ਸੀ
ਨਿੱਘੀ ਆਵਾਜ਼
ਸਾਹਾਂ ਦੀਆਂ ਪਰਤਾਂ ’ਚ
ਗੂੜ੍ਹੇ ਰੰਗ ਵਾਂਗ ਘੁਲਣ ਵਰਗੀ
ਹਉਕਾ ਭਰ ਕੇ ਵੀ
ਤੂੰ ਨਹੀਂ ਸੀ ਦੱਸਦਾ ਦਿਲ ਦਾ ਗ਼ਮ
ਮੈਂ ਉਹਨੂੰ ਆਖ਼ਰ ਵੇਲੇ ਵੀ ਕਿਹਾ ਸੀ ਕਿ ਰਾਖ਼ ਚੋਂ ਉੱਗ ਆਵੀਂ
ਖਿੜ ਪਵੀਂ ਗੁਲਾਬ ਦੇ ਫੁੱਲ ਵਾਂਗ
ਕਿਸੇ ਰਾਹ ਵਿੱਚ
ਸੱਜਰੇ ਬੋਲ ਦੀ ਹੇਕ ਬਣ ਕੇ
ਤੂੰ ਪਰਤ ਕੇ ਆ ਤਾਂ ਸਹੀ
ਮੈਂ ਤੇਰੇ ਮੱਥੇ ਤੇ ਤਾਰੇ ਸਜਾਵਾਂਗਾ
ਗੀਤਾਂ ਦੇ ਬੋਲ
ਕਦੇ ਡੁੱਬਦੇ ਨਹੀਂ ਹੁੰਦੇ
ਤੇ ਫਿਰ ਸੂਰਜ ਨੂੰ ਕਿਉਂ ਲੱਭੀਏ
ਰੁਮਕਦੇ ਬੋਲ ਕਦੇ ਬੁੱਤ ਨਹੀਂ ਬਣਦੇ ਹੁੰਦੇ
ਚੱਲ ਮੇਰਾ ਵਾਅਦਾ ਰਿਹਾ
ਚੰਦ ਤਾਰਿਆਂ ਨੂੰ ਨਰਦਾਂ ਬਣਾ
ਸ਼ਤਰੰਜ ਖੇਡਾਂਗੇ
ਸਾਈਕਲਾਂ ਤੇ ਸਿਡਨੀ ਗਾਹਵਾਂਗੇ
ਅਜੇ ਤਾਂ ਆਪਾਂ ਤੇਰੀ ਨਵੀਂ ਕਾਰ ਤੇ
ਝੂਟੇ ਲੈਣੇ ਸੀ
ਲੱਡੂ ਖਾਣੇ ਸੀ ਤੇਰੇ ਵੱਟੇ ਹੋਏ ਸਵਾਦੀ
ਤੂੰ ਤਾਂ ਫੋਨ ਹੀ ਬੰਦ ਕਰ ਗਿਆ
ਗਲੀਆਂ ਰਾਹਾਂ ਚੋਂ ਛੁਪ ਗਿਆ
ਬੂਹੇ ਢੋਹ ਲਏ ਜੰਦਰਾ ਮਾਰ ਲਿਆ
ਹੁਣ ਦੱਸ
ਅਸੀਂ ਕਿਹਦੇ ਨਾਲ ਮਹਿਫ਼ਲ ਸਜਾਈਏ
ਤੈਨੂੰ ਹੁਣ ਕਿੱਥੋਂ ਸੱਦਣ ਜਾਈਏ
ਤੂੰ ਤਾਂ ਆਪਣੀ ਨੇਮ ਪਲੇਟ ਦਾ
ਨਿਸ਼ਾਨ ਵੀ ਮਿਟਾ ਗਿਆ
ਨੀਹਾਂ ਛੱਡ ਗਿਆ ਭਰੀਆਂ ਭਰਾਈਆਂ ਨਵੇਂ ਉਸਰ ਰਹੇ ਚਾਵਾਂ ਵਾਲੇ ਮਕਾਨ ਦੀਆਂ
ਓਦਣ ਦੇ ਅਸੀਂ ਤੇਰੇ ਸਾਰੇ ਦੋਸਤ
ਤੈਨੂੰ ਢਾਣੀ ਵਿੱਚ ਬੈਠੇ ਉਡੀਕ ਰਹੇ ਹਾਂ
ਕਿ ਆ ਕੇ ਫਿਰ
ਸੁਰੀਲੀ ਆਵਾਜ਼ ਵਿੱਚ ਇੱਕ ਗੀਤ ਸੁਣਾਵੇਂਗਾ
ਸੋਹਣਿਆ ਏਦਾਂ ਨਹੀਂ ਨਾਰਾਜ਼ ਹੋਈਦਾ ਬੂਹੇ ਨਹੀਂ ਢੋਹੀਦੇ
ਰਾਹ ਨਹੀਂ ਬੰਦ ਕਰੀਦੇ
ਯਾਰਾਂ ਦੇ ਉਮਰਾਂ ਲਈ
ਯਾਦਾਂ ਚੇਤਿਆਂ ’ਚ ਤੈਨੂੰ ਰੱਖਾਂਗੇ
ਸੁਣਦੇ ਰਹਾਂਗੇ ਤੇਰੇ ਗੀਤ
ਅਲਵਿਦਾ ਜਸਵੰਤ…
