ਚੰਡੀਗੜ੍ਹ-: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ ਨੇ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਪਿੰਡਾਂ ਵਿੱਚ ਜੋ ਸਹਿਕਾਰੀ ਸੁਸਾਇਟੀਆਂ ਖੇਤੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਕੰਮ ਕਰ ਰਹੀਆਂ ਸਨ, ਅੱਜ ਉਹਨਾਂ ਦੀ ਆਪਣੀ ਹਾਲਤ ਏਨੀ ਖਰਾਬ ਕਰ ਦਿੱਤੀ ਗਈ ਹੈ ਕਿ ਉਹ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਵੀ ਅਸਮਰੱਥ ਹੋ ਗਈਆਂ ਹਨ। ਸ ਛੋਟੇਪੁਰ ਨੇ ਅਜੀਤ ਅਖਬਾਰ ਵਿੱਚ ਛਪੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ 3523 ਸਹਿਕਾਰੀ ਸਭਾਵਾਂ ਵਿੱਚੋਂ 1700 ਦੇ ਕਰੀਬ ਸੁਸਾਇਟੀਆਂ ਫੰਡਾਂ ਦੀ ਘਾਟ ਅਤੇ ਮਾੜੀ ਕਰਜਾ ਵਸੂਲੀ ਕਾਰਨ ਸਾਹਸੱਤਹੀਣ ਹੋ ਗਈਆਂ ਹਨ। ਅਜੇ 10 ਅਪ੍ਰੈਲ 2026 ਨੂੰ ਹੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਵੱਲੋਂ ਕਰਜਾ ਹੱਦ ਵਧਾਈ ਗਈ ਸੀ। ਪਰ ਕੁਝ ਦਿਨਾਂ ਬਾਅਦ ਹੀ ਇਹ ਵਧਾਈ ਹੱਦ ਵਾਪਸ ਲੈ ਲਈ ਗਈ ਹੈ। ਇਸ ਦਾ ਭੇਤ ਮੁਲਾਜ਼ਮ ਜਥੇਬੰਦੀ ਨੇ ਖੋਲ੍ਹਿਆ ਹੈ ਕਿ ਸਰਕਾਰ ਨੇ ਸਹਿਕਾਰੀ ਸਭਾਵਾਂ ਨੂੰ ਦਿੱਤੇ ਜਾਣ ਫੰਡਾਂ ਵਿੱਚ ਸੱਤਰ ਫੀਸਦੀ ਕਟੌਤੀ ਕਰ ਦਿੱਤੀ ਹੈ। ਇਸ ਵੇਲੇ ਜਦੋਂ ਪੰਜਾਬ ਦੇ ਕਿਸਾਨਾਂ ਸਿਰ ਸੰਸਥਾਗਤ ਕਰਜਾ ਇਕ ਲੱਖ ਕਰੋੜ ਦੇ ਕਰੀਬ ਪਹੁੰਚ ਗਿਆ ਹੈ ਤਾਂ ਉਹਨਾਂ ਦੀ ਸਹਾਇਤਾ ਲਈ ਸਹਿਕਾਰੀ ਸਭਾਵਾਂ ਦੀ ਮਜਬੂਤ ਆਰਥਿਕ ਹਾਲਤ ਦੀ ਬਹੁਤ ਲੋੜ ਸੀ, ਪਰ ਸਰਕਾਰ ਨੇ ਫੰਡਾਂ ਵਿੱਚ ਕਟੌਤੀ ਕਰਕੇ ਪਹਿਲਾਂ ਤੋਂ ਮਾੜੇ ਆਰਥਿਕ ਪ੍ਰਬੰਧਾਂ ਦਾ ਸ਼ਿਕਾਰ ਇਹਨਾਂ ਸਭਾਵਾਂ ਦੀ ਹੋਂਦ ਨੂੰ ਹੀ ਸੰਕਟ ਵਿਚ ਪਾ ਦਿੱਤਾ ਹੈ। ਸ ਛੋਟੇਪੁਰ ਨੇ ਕਿਹਾ ਕਿ ਇਹ ਸਰਕਾਰ ਦੀ ਅਸਫਲਤਾ ਹੈ ਕਿ 2014-15 ਵਿੱਚ ਜੋ ਕਰਜਾ ਵਸੂਲੀ 85.59 ਫੀਸਦੀ ਸੀ, ਉਹ ਅੱਜ 64.92 ਫੀਸਦੀ ‘ਤੇ ਆ ਗਈ ਹੈ। ਇਸ ਵਿੱਚ ਵੀ ਵੱਡੇ ਡਿਫਾਲਟਰ ਵੱਡੇ ਕਿਸਾਨ ਹਨ ਜੋ ਇਹਨਾਂ ਸੁਸਾਇਟੀਆਂ ਦਾ 147 ਕਰੋੜ ਰੁਪਿਆ ਦੱਬੀ ਬੈਠੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਵੱਡੇ ਡਿਫਾਲਟਰਾਂ ਤੋਂ ਹਰ ਹਾਲ ਵਿੱਚ ਵਸੂਲੀ ਕਰੇ ਅਤੇ ਨਾਬਾਰਡ ਨਾਲ ਗੱਲਬਾਤ ਕਰਕੇ ਫੰਡਾਂ ਦੀ ਬਹਾਲੀ ਯਕੀਨੀ ਬਣਾਵੇ। ਸ ਛੋਟੇਪੁਰ ਨੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਸੰਬੰਧੀ 15 ਮਈ ਨੂੰ ਚੰਡੀਗੜ੍ਹ ਵਿੱਚ ਲੋਕ ਭਵਨ ਵੱਲ ਕੀਤੇ ਜਾਣ ਵਾਲੇ ਮਾਰਚ ਦੀ ਪੂਰਨ ਹਮਾਇਤ ਕੀਤੀ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਕਿਸਾਨ ਜਥੇਬੰਦੀਆਂ ਇਸ ਸੰਬੰਧੀ ਜੋ ਵੀ ਸੰਘਰਸ਼ ਵਿੱਡਣਗੀਆਂ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਮੁਕੰਮਲ ਸ਼ਿਰਕਤ ਕਰੇਗਾ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
ਖੇਤੀ ਆਰਥਿਕਤਾ ਨੂੰ ਮੋਢਾ ਦੇਣ ਵਾਲੀਆਂ ਸਭਾ ਸੁਸਾਇਟੀਆਂ ਨੂੰ ਤਬਾਹਕੁੰਨ ਸਥਿਤੀਆਂ ਵਿੱਚ ਪਹੁੰਚਾਉਣ ਲਈ ਸਰਕਾਰ ਜਿੰਮੇਵਾਰ – ਸ ਸੁੱਚਾ ਸਿੰਘ ਛੋਟੇਪੁਰ
This entry was posted in ਪੰਜਾਬ, ਮੁਖੱ ਖ਼ਬਰਾਂ.
