ਚੰਡੀਗੜ੍ਹ -ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅੱਜ ਸਭ ਤੋਂ ਵੱਧ ਲੋੜ ਗੰਭੀਰ ਆਤਮ-ਚਿੰਤਨ ਅਤੇ ਸੂਝਬੂਝ ਨਾਲ ਸੋਚਣ ਦੀ ਹੈ। ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਨਵੇਂ ਟਰੈਂਡ, ਮੀਮ, ਰੀਲਾਂ, ਸਸਤੇ ਤਮਾਸ਼ੇ ਅਤੇ ਸਿਆਸੀ ਵਿਅੰਗ ਚੱਲਦੇ ਹਨ, ਜਿੱਥੇ ਕਦੇ ਕਿਸੇ ਪਾਰਟੀ ਦਾ ਮਜ਼ਾਕ ਉਡਾਇਆ ਜਾਂਦਾ ਹੈ ਤੇ ਕਦੇ ਕਿਸੇ ਆਗੂ ਦਾ। ਪਰ ਵੱਡਾ ਸਵਾਲ ਇਹ ਹੈ ਕਿ ਕੀ ਇਹ ਸਭ ਪੰਜਾਬ ਦੇ ਭਖਦੇ ਅਸਲ ਮੁੱਦਿਆਂ ਦਾ ਹੱਲ ਹੈ? ਇਨ੍ਹਾਂ ਗੰਭੀਰ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਦੇਸ਼ ਅਤੇ ਪੰਜਾਬ ਦੀ ਨੌਜਵਾਨੀ ਦੇ ਨਾਂ ਇੱਕ ਵਿਸ਼ੇਸ਼ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ।
ਸ. ਪੀਰ ਮੁਹੰਮਦ ਨੇ ਮੌਜੂਦਾ ਹਾਲਾਤ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਦੇਸ਼ ਅਤੇ ਪੰਜਾਬ ਕਈ ਨਾਜ਼ੁਕ ਮੋੜਾਂ ਵਿੱਚੋਂ ਲੰਘ ਰਹੇ ਹਨ, ਉਦੋਂ ਨੌਜਵਾਨੀ ਦੀ ਊਰਜਾ ਨੂੰ ਟਰੋਲ ਆਰਮੀ ਅਤੇ ਸੋਸ਼ਲ ਮੀਡੀਆ ਦੀਆਂ ਬੇਮਤਲਬ ਬਹਿਸਾਂ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਜ ਦੇ ਮੁੱਖ ਰਾਸ਼ਟਰੀ ਅਤੇ ਖੇਤਰੀ ਮੁੱਦਿਆਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਸਾਡਾ ਮੁਕਾਬਲਾ ਬੇਰੁਜ਼ਗਾਰੀ, ਪੇਪਰ ਲੀਕ ਦੇ ਕੋਹੜ, ਬੇਤਹਾਸ਼ਾ ਹੋ ਰਹੇ ਪਰਵਾਸ, ਆਰਥਿਕ ਮੰਦਹਾਲੀ, ਸੂਬੇ ਸਿਰ ਚੜ੍ਹੇ ਭਾਰੀ ਕਰਜ਼ੇ, ਖੇਤੀਬਾੜੀ ਸੰਕਟ ਅਤੇ ਕੁਦਰਤੀ ਸਰੋਤਾਂ ਦੀ ਹੋ ਰਹੀ ਲੁੱਟ ਵਰਗੀਆਂ ਵੱਡੀਆਂ ਚੁਣੌਤੀਆਂ ਨਾਲ ਹੈ।
ਅਕਾਲੀ ਆਗੂ ਨੇ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਝ ਚੱਲ ਰਿਹਾ ਹੈ, ਉਹ ਬੇਹੱਦ ਗੰਭੀਰ ਮਸਲਾ ਹੈ ਅਤੇ ਇਹ ਨੌਜਵਾਨਾਂ ਦੀ ਮਾਨਸਿਕਤਾ ਨੂੰ ਗੁੰਮਰਾਹ ਕਰ ਰਿਹਾ ਹੈ। ਦੇਸ਼ ਦੀ ਸਰਕਾਰ ਨੂੰ ਇਸ ਮਸਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨੌਜਵਾਨਾਂ ਦੇ ਵਿੱਚ ਹਰ ਦਿਨ ਵੱਧ ਰਹੀ ਨਿਰਾਸ਼ਤਾ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਵਾਸਤੇ ਸਰਕਾਰਾਂ ਵੱਲੋਂ ਵੱਧ ਤੋਂ ਵੱਧ ਨੌਕਰੀਆਂ ਅਤੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਅਜੋਕੇ ਦੌਰ ਦੇ ਹਿਸਾਬ ਨਾਲ ਨੌਜਵਾਨਾਂ ਦੀ ਕਾਬਲੀਅਤ ਅਤੇ ਹੁਨਰ ਨੂੰ ਵਧਾਉਣ ਲਈ ਦੇਸ਼ ਦੇ ਅੰਦਰ ਅਤੇ ਵੱਖ-ਵੱਖ ਰਾਜਾਂ ਵਿੱਚ ਵੱਧ ਤੋਂ ਵੱਧ ਸਕਿੱਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ, ਤਾਂ ਜੋ ਨੌਜਵਾਨ ਹੁਨਰਮੰਦ ਹੋ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਦੇਸ਼-ਦੁਨੀਆਂ ਅੰਦਰ ਇਸ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦੇਣੀ ਅੱਜ ਦੀ ਰਾਜਨੀਤਿਕ ਲੀਡਰਸ਼ਿਪ ਦੀ ਸਭ ਤੋਂ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਦੇਸ਼ ਅਤੇ ਰਾਜਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਤਾਕੀਦ ਕੀਤੀ ਕਿ ਉਹ ਭ੍ਰਿਸ਼ਟਾਚਾਰ, ਲੁੱਟ-ਤੰਤਰ ਅਤੇ ਪਰਿਵਾਰਵਾਦ ਵਰਗੀਆਂ ਘਿਨੌਣੀਆਂ ਗੱਲਾਂ ਤੋਂ ਆਪਣੇ ਆਪ ਨੂੰ ਦੂਰ ਕਰਕੇ ਨੌਜਵਾਨਾਂ ਦੇ ਭਵਿੱਖ ਵੱਲ ਧਿਆਨ ਦੇਣ।
ਸ. ਪੀਰ ਮੁਹੰਮਦ ਨੇ ਆਖਿਆ ਕਿ ਸਿੱਖ ਕੌਮ ਦਾ ਇਤਿਹਾਸ ਹਿੰਮਤ, ਸੂਝ, ਉੱਚੇ ਕਿਰਦਾਰ ਅਤੇ ਸੰਘਰਸ਼ ਦਾ ਇਤਿਹਾਸ ਹੈ। ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀ ਕਲਾ, ਇਨਸਾਫ਼, ਮਨੁੱਖੀ ਅਧਿਕਾਰਾਂ ਅਤੇ ਸੱਚ ਲਈ ਖੜ੍ਹਨਾ ਸਿਖਾਇਆ ਹੈ। ਸਾਡਾ ਰਹਿਬਰ ‘ਬਾਜ਼ਾਂ ਵਾਲਾ’ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੈ, ਜਿਨ੍ਹਾਂ ਨੇ ਸਾਨੂੰ ਗੁਲਾਮੀ ਦੀ ਸੋਚ ਤੋਂ ਮੁਕਤ ਕਰਕੇ ਬਾਜ਼ ਵਰਗੀ ਉੱਚੀ ਤੇ ਆਜ਼ਾਦ ਉਡਾਣ ਭਰਨੀ ਸਿਖਾਈ। ਇਸ ਲਈ ਪੰਜਾਬ ਦੇ ਨੌਜਵਾਨੋ, ਬਾਜ਼ ਬਣੋ, ਨਾ ਕਿ ਕੋਈ ਕਾਕਰੋਚ, ਜੋ ਸਿਰਫ਼ ਗੰਦਗੀ ਵਿੱਚ ਰਹਿ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਲੀ ਨਕਾਰਾਤਮਕ ਸੋਚ ਵਿੱਚ ਜਿਊਂਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਦਾ ਸਮਰਥਨ ਜਾਂ ਵਿਰੋਧ ਸਿਰਫ਼ ਸੋਸ਼ਲ ਮੀਡੀਆ ਦੇ ਮੀਮਾਂ ਜਾਂ ਅੰਨ੍ਹੀਆਂ ਭਾਵਨਾਵਾਂ ਦੇ ਆਧਾਰ ‘ਤੇ ਨਹੀਂ, ਸਗੋਂ ਉਸ ਦੀਆਂ ਨੀਤੀਆਂ, ਪੰਜਾਬ ਦੇ ਮੁੱਦਿਆਂ ਪ੍ਰਤੀ ਪਹੁੰਚ ਅਤੇ ਕੀਤੇ ਗਏ ਠੋਸ ਕੰਮਾਂ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਰ ਵਿੱਚ ਸੱਦਾ ਦਿੱਤਾ ਕਿ ਜੇਕਰ ਪੰਜਾਬ ਦੀ ਨੌਜਵਾਨੀ ਸੂਝਵਾਨ ਸੋਚ ਨਾਲ ਇੱਕ ਮੰਚ ‘ਤੇ ਲਾਮਬੰਦ ਹੋਵੇ, ਤਾਂ ਸੂਬੇ ਵਿੱਚ ਇੱਕ ਐਸੀ ਸੁਹਿਰਦ ਅਤੇ ਮਜ਼ਬੂਤ ਧਿਰ ਖੜ੍ਹੀ ਹੋ ਸਕਦੀ ਹੈ ਜੋ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਸੂਬੇ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਸੁਨਹਿਰੀ ਬਣਾ ਸਕੇ। ਸਿਆਸੀ ਕਲੋਲਾਂ ਅਤੇ ਸਸਤੇ ਤਮਾਸ਼ਿਆਂ ਨੂੰ ਛੱਡ ਕੇ ਅਸਲ ਮਸਲਿਆਂ ਲਈ ਜਾਗਰੂਕ ਹੋਣਾ ਹੀ ਸਮੇਂ ਦੀ ਸਭ ਤੋਂ ਵੱਡੀ ਪੁਕਾਰ ਹੈ।
