ਵਾਸ਼ਿੰਗਟਨ – ਅਮਰੀਕਾ ਨੇ ਫਿਰ ਤੋਂ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਯੂਐਸ ਦੇ ਰੱਖਿਆ ਮੰਤਰੀ ਪੀਟ ਹੈਗਸਿਥ ਨੇ ਸਿੰਘਾਪੁਰ ਵਿੱਚ ਇੱਕ ਸਮਿਟ ਦੌਰਾਨ ਆਪਣੇ ਭਾਸ਼ਣ ਵਿੱਚ ਕਿਹਾ ਕਿ ਈਰਾਨ ਨਾਲ ਸਮਝੌਤੇ ਦੀ ਚੱਲ ਰਹੀ ਗੱਲਬਾਤ ਜੇ ਸਫਲ ਨਹੀਂ ਹੁੰਦੀ ਤਾਂ ਅਸੀਂ ਦੁਬਾਰਾ ਹਲਾ ਕਰ ਸਕਦੇ ਹਾਂ।
ਈਰਾਨ ਅਤੇ ਅਮਰੀਕਾ ਵਿਚਕਾਰ ਇਸ ਸਮੇਂ ਆਪਸੀ ਮੱਤਭੇਦ ਦੂਰ ਕਰਨ ਸਬੰਧੀ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਅਪਰੈਲ ਵਿੱਚ ਹੋਏ ਅਸਥਾਈ ਜੰਗਬੰਦੀ ਨੂੰ 60 ਦਿਨ ਹੋਰ ਵਧਾਇਆ ਜਾਣਾ ਵੀ ਹੈ ਅਤੇ ਬਾਅਦ ਵਿੱਚ ਸਥਾਈ ਸਮਝੌਤੇ ਲਈ ਰਾਹ ਪੱਧਰਾ ਕਰਨਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਉਹ ਵਾਈਟ ਹਾਊਸ ਵਿੱਚ ਇੱਕ ਮੀਟਿੰਗ ਦੌਰਾਨ ਇਸ ਪ੍ਰਸਤਾਵ ਤੇ ਅੰਤਿਮ ਨਿਰਣਾ ਕਰਨਗੇ। ਪਰ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਟਾਲ ਦਿੱਤਾ ਸੀ। ਈਰਾਨ ਨੇ ਵੀ ਅਜੇ ਕਿਸੇ ਸਮਝੌਤੇ ਬਾਰੇ ਟਾਈਮ ਲਿਿਮਟ ਦਾ ਕੋਈ ਐਲਾਨ ਨਹੀਂ ਕੀਤਾ।
ਦੂਸਰੀ ਤਰਫ਼ ਈਰਾਨ ਦੇ ਮੁੱਖ ਬੁਲਾਰੇ ਮੁਹੰਮਦ ਬਾਘੇਰ ਗਾਲਿਬਾਫ ਨੇ ਵੀ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਸਾਨੂੰ ਅਮਰੀਕਾ ਤੇ ਭਰੋਸਾ ਨਹੀਂ ਹੈ। ਅਸੀਂ ਇਸ ਸਬੰਧੀ ਕੋਈ ਵੀ ਜਲਦਬਾਜ਼ੀ ਨਹੀਂ ਕਰਾਂਗੇ। ਜਦੋਂ ਤੱਕ ਅਮਰੀਕਾ ਕੋਈ ਯੋਗ ਕਦਮ ਨਹੀਂ ਉਠਾਵੇਗਾ, ਤਦ ਤੱਕ ਈਰਾਨ ਵੀ ਕੋਈ ਫੈਸਲਾ ਨਹੀਂ ਕਰੇਗਾ।
