ਅਹਿਸਾਸਾਂ ਬਿਨ ਜਿਊਂਦੇ ਲੋਕ

ਸਮਾਜ ਵਿਗਿਆਨੀਆਂ ਦਾ ਕਥਨ ਹੈ ਕਿ ਜਿਸ ਮਨੁੱਖੀ ਹਿਰਦੇ ਵਿਚ ਕੋਮਲ ਸੰਵੇਦਨਾਵਾਂ ਦਾ ਅਹਿਸਾਸ ਨਹੀਂ ਹੁੰਦਾ ਉਹ ਹਿਰਦਾ ਜਿਊਂਦੇ ਜੀਅ ਹੀ ਮੋਇਆਂ ਬਰਾਬਰ ਹੁੰਦਾ ਹੈ। ਉਸ ਵਿਅਕਤੀ ਦੇ ਸਿਰਫ਼ ਸਾਹ ਹੀ ਚੱਲ ਰਹੇ ਹੁੰਦੇ ਹਨ ਪਰ ਅਸਲ ਅਰਥਾਂ ਵਿਚ ਉਹ ਬੰਦਾ ਅੰਦਰੋਂ ਮਰ ਚੁਕਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨ ਤੋਂ ਅਸਮਰਥ ਹੁੰਦਾ ਹੈ। ਅੱਜ ਸਮਾਜ ਵਿਚ ਰਹਿੰਦੇ ਲੋਕ, ਵੱਡੀ ਗਿਣਤੀ ਵਿਚ ਜਿਊਂਦਿਆਂ ਹੀ ਮਰੇ ਹੋਏ ਦੇਖੇ ਜਾ ਸਕਦੇ ਹਨ। ਉਹ ਨਾ ਤਾਂ ਜ਼ੁਲਮ ਦੇ ਵਿਰੁਧ ਆਵਾਜ਼ ਚੁੱਕਦੇ ਹਨ ਅਤੇ ਨਾ ਹੀ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹਨ। ਅਜਿਹੇ ਲੋਕ ਭਾਵੇਂ ਸਰੀਰਕ ਤੌਰ ’ਤੇ ਜਿਊਂਦੇ ਕਹੇ ਜਾ ਸਕਦੇ ਹਨ ਪਰ ਆਤਮਕ ਤੌਰ ’ਤੇ ਮੁਰਦਾ ਹੀ ਹੁੰਦੇ ਹਨ, ਹੋਰ ਕੁਝ ਨਹੀਂ। ਖ਼ੈਰ!

ਅੱਜ ਸਮਾਜ ਵਿਚ ਰਹਿੰਦੇ ਬਹੁਤੇ ਲੋਕ ਕੇਵਲ ਆਪਣੇ ਨਿੱਜ ਅਤੇ ਸਵਾਰਥ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਸਾਡੇ ਆਂਢ-ਗੁਆਂਡ, ਸਮਾਜ, ਦੇਸ਼ ਵਿਚ ਕੀ ਹੋ ਰਿਹਾ ਹੈ? ਸਮਾਜ ਵਿਚ ਕੀ ਵਾਪਰ ਰਿਹਾ ਹੈ? ਕਿੱਥੇ ਸਹੀ ਹੋ ਰਿਹਾ ਹੈ ਅਤੇ ਕਿੱਥੇ ਗਲਤ? ਬਲਕਿ ਉਹ ਤਾਂ ਆਪਣੇ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾਉਣਾ ਲੋਚਦੇ ਹਨ। ਸਮਾਜ ਅਤੇ ਦੂਜੇ ਲੋਕ ਭਾਵੇਂ ਜਿੱਥੇ ਮਰਜ਼ੀ ਜਾਣ, ਉਹਨਾਂ ਨੂੰ ਇਸ ਗੱਲ ਨਾਲ ਕੋਈ ਵਾਹਵਾਸਤਾ ਨਹੀਂ ਹੁੰਦਾ। ਅਸਲ ਵਿਚ ਅਜਿਹੇ ਲੋਕ ਸਮਾਜ ਦੇ ਵਿਕਾਸ ਵਿਚ ਕਿਸੇ ਪ੍ਰਕਾਰ ਦਾ ਕੋਈ ਸਾਰਥਕ ਰੋਲ ਅਦਾ ਨਹੀਂ ਕਰਦੇ ਬਲਕਿ ਪਸ਼ੂਆਂ ਵਾਂਗ ਜੰਮਦੇ ਹਨ, ਜਿਊਂਦੇ ਹਨ ਅਤੇ ਬੱਚੇ ਪੈਦਾ ਕਰਕੇ ਫੇਰ ਮਰ ਜਾਂਦੇ ਹਨ। ਇਹ ਵਰਤਾਰਾ ਤਾਂ ਪਸ਼ੂਆਂ ਨਾਲ ਵੀ ਸਹਿਜੇ ਹੀ ਵਾਪਰਦਾ ਹੈ। ਫੇਰ ਇਨਸਾਨ ਅਤੇ ਪਸ਼ੂ ਵਿਚ ਕੀ ਫਰਕ ਰਹਿ ਗਿਆ? ਇਹ ਪ੍ਰਸ਼ਨ ਚੰਗੇ ਅਤੇ ਨਰੋਏ ਸਮਾਜ ਲਈ ਸਦਾ ਹੀ ਚੁਣੌਤੀ ਬਣ ਕੇ ਉੱਭਰਿਆ ਹੈ। ਇਸਦਾ ਜਵਾਬ ਨਾ ਤਾਂ ਬੁਧੀਜੀਵੀ ਵਰਗ ਕੋਲ਼ ਹੈ ਅਤੇ ਨਾ ਹੀ ਸਮਾਜ ਵਿਗਿਆਨੀਆਂ ਕੋਲ਼।

ਖ਼ਾਸ ਗੱਲ ਇਹ ਹੈ ਕਿ ਸਮਾਜ ਵੀ ਅਜਿਹੇ ਸਵਾਰਥੀ ਲੋਕਾਂ ਨੂੰ ਬਹੁਤੀ ਦੇਰ ਤਕ ਚੇਤੇ ਨਹੀਂ ਰੱਖਦਾ ਜਿਹੜੇ ਨਿੱਜ ਤੋਂ ਪਾਰ ਜਾ ਕੇ ਆਪਣਾ ਜੀਵਨ ਨਹੀਂ ਜਿਊਂਦੇ। ਅਸਲ ਵਿਚ ਅਜਿਹੇ ਲੋਕਾਂ ਦਾ ਸਮਾਜ ਅੰਦਰ ਕੋਈ ਸਾਰਥਕ ਅਤੇ ਸੁਚੱਜਾ ਰੋਲ਼ ਹੀ ਨਹੀਂ ਹੁੰਦਾ ਜਿਸ ਨੂੰ ਆਉਣ ਵਾਲੀਆਂ ਨਸਲਾਂ ਚੇਤੇ ਰੱਖ ਸਕਣ। ਇਹ ਲੋਕ ਆਪਣੇ ਨਿੱਜ ਦੀ ਖ਼ਾਤਿਰ ਸਮੁੱਚੇ ਸਮਾਜ ਨੂੰ ਛਿੱਕੇ ਟੰਗਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਿਸੇ ਇਕ ਵਿਅਕਤੀ ਦੇ ਨਫ਼ੇ ਦੀ ਇਵਜ਼ ਵਿਚ ਸਮੁੱਚੇ ਸਮਾਜ ਦਾ ਨੁਕਸਾਨ ਕਰ ਦਿੰਦੇ ਹਨ। ਇਹਨਾਂ ਦੀ ਬਿਰਤੀ ਸਵਾਰਥ ਅਤੇ ਨਿੱਜ ਨਾਲ ਭਰਪੂਰ ਹੁੰਦੀ ਹੈ। ਇਹਨਾਂ ਅੰਦਰ ਦਾਇਆ, ਕਰੁਣਾ, ਪ੍ਰੇਮ, ਸਮਰਪਣ ਅਤੇ ਕੁਰਬਾਨੀ ਦੇ ਭਾਵ ਉੱਕਾ ਹੀ ਨਹੀਂ ਹੁੰਦੇ।

ਸਮਾਜ ਵਿਚ ਰਹਿੰਦੇ ਅਜਿਹੇ ਮਨੁੱਖ, ਦੂਜੇ ਲੋਕਾਂ ਦੇ ਦੁੱਖ-ਦਰਦ ਨੂੰ ਉੱਕਾ ਹੀ ਮਹਿਸੂਸ ਨਹੀਂ ਕਰਦੇ ਬਲਕਿ ਆਪਣੀ ਜ਼ਿੰਦਗੀ ਸੁੱਖ ਅਤੇ ਆਰਾਮ ਨਾਲ ਜਿਊਣ ਵਿਚ ਮਸਤ ਰਹਿੰਦੇ ਹਨ। ਇਹਨਾਂ ਨੂੰ ਨਾ ਕਿਸੇ ਦੇ ਜਿਊਣ ਦਾ ਚਾਅ ਹੁੰਦਾ ਹੈ ਅਤੇ ਨਾ ਹੀ ਮਰਨ ਦਾ ਸੋਗ। ਜਿਸ ਪ੍ਰਕਾਰ ਕਸਾਈ ਦੇ ਖੁੱਡੇ ਵਿਚ ਬੰਦ ਮੁਰਗੇ-ਮੁਰਗੀਆਂ ਦਾਣੇ ਚੁਗਣ ਵਿਚ ਮਸਤ ਹੁੰਦੇ ਹਨ। ਰੌਲ਼ਾ ਉਹੀ ਮੁਰਗਾ ਮਚਾਉਂਦਾ ਹੈ ਜਿਹੜਾ ਉਸ ਕਸਾਈ ਦੇ ਹੱਥ ਆਇਆ ਹੁੰਦਾ ਹੈ, ਭਾਵ ਜਿਹੜਾ ਮਰ ਰਿਹਾ ਹੁੰਦਾ ਹੈ। ਕੁਝ ਦੇਰ ਬਾਅਦ ਕਸਾਈ ਜਦੋਂ ਫੇਰ ਦੂਜੀ ਵਾਰ ਖੁੱਡੇ ਵਿਚ ਹੱਥ ਪਾਉਂਦਾ ਹੈ ਤਾਂ ਉਹੀ ਮੁਰਗਾ ਸ਼ੋਰ ਮਚਾਉਂਦਾ ਹੈ ਜਿਹੜਾ ਇਸ ਵਕਤ ਉਸ ਕਸਾਈ ਦੇ ਹੱਥ ਵਿਚ ਆਇਆ ਹੁੰਦਾ ਹੈ, ਜਿਸ ਦੀ ਮੌਤ ਆਈ ਹੁੰਦੀ ਹੈ, ਬਾਕੀ ਦੇ ਮੁਰਗੇ-ਮੁਰਗੀਆਂ ਦਾਣੇ ਚੁਗਣ ਵਿਚ ਮਸਤ ਹੁੰਦੇ ਹਨ। ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਸਾਡੇ ਇਕ ਸਾਥੀ ਦਾ ਇਹ ਹਸ਼ਰ ਹੋ ਰਿਹਾ ਹੈ, ਕੱਲ੍ਹ ਨੂੰ ਸਾਡੀ ਵਾਰੀ ਵੀ ਆ ਸਕਦੀ ਹੈ। ਪਰ ਇਸ ਗੱਲ ਨੂੰ ਉਹ ਉੱਕਾ ਹੀ ਜ਼ਿਹਨ ਵਿਚ ਨਹੀਂ ਲੈ ਕੇ ਆਉਂਦੇ।

ਇੱਥੇ ਇਹ ਨੁਕਤਾ ਸਾਫ਼ ਕਰ ਦੇਣਾ ਲਾਜ਼ਮੀ ਹੈ ਕਿ ਉਹ ਤਾਂ ਜਾਨਵਰ ਹਨ, ਉਹਨਾਂ ਨੂੰ ਇੰਨੀ ਸਮਝ ਨਹੀਂ ਪਰ ਮਨੁੱਖ ਨੂੰ ਤਾਂ ਚੰਗੇ-ਮਾੜੇ ਦੀ ਸੋਝੀ ਹੈ। ਪਰ ਇਸ ਦੇ ਬਾਵਜੂਦ ਬਿਲਕੁਲ ਇੰਨ ਬਿੰਨ ਇਹੀ ਹਾਲਾਤ ਅੱਜ ਦੇ ਮਨੁੱਖ ਦੇ ਬਣੇ ਹੋਏ ਹਨ। ਜਿਸ ਸਮਾਜ ਜਾਂ ਵਿਅਕਤੀ ਉੱਪਰ ਕੋਈ ਕਸ਼ਟ ਹੁੰਦਾ ਹੈ, ਦੁੱਖ ਹੁੰਦਾ ਹੈ, ਉਹੀ ਚੀਖ਼ਦਾ ਹੈ, ਰੋਂਦਾ ਹੈ, ਆਵਾਜ਼ ਚੁੱਕਦਾ ਹੈ ਪਰ ਬਾਕੀ ਦਾ ਸਾਰਾ ਸਮਾਜ ਚੁੱਪਚਾਪ ਤਮਾਸ਼ਾ ਵੇਖਦਾ ਰਹਿੰਦਾ ਹੈ। ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਉਹ ਆਪਣੇ ਨਿੱਤ ਦੇ ਕਾਰ-ਵਿਹਾਰ ਵਿਚ ਮਸਤ ਹੁੰਦੇ ਹਨ ਅਤੇ ਸੋਚਦੇ ਹਨ ਕਿ ਸਾਨੂੰ ਕੀ? ਇਹ ਕਿਹੜਾ ਸਾਡੇ ਨਾਲ ਵਾਪਰ ਰਿਹਾ ਹੈ ਜਾਂ ਸਾਡੇ ਪਰਿਵਾਰ ਦੇ ਕਿਸੇ ਜੀਅ ਨਾਲ ਵਾਪਰ ਰਿਹਾ ਹੈ। ਫੇਰ ਜਦੋਂ ਉਹੀ ਹਾਲਾਤ ਉਸ ਬੰਦੇ ਨਾਲ ਵਾਪਰਦੇ ਹਨ ਜਾਂ ਉਸਦੇ ਪਰਿਵਾਰ ਦੇ ਕਿਸੇ ਜੀਅ ਨਾਲ ਵਾਪਰਦੇ ਹਨ ਤਾਂ ਉਹ ਚੀਖ਼ਦਾ ਹੈ, ਰੋਂਦਾ ਹੈ ਪਰ ਹੁਣ ਸਮਾਜ ਦੇ ਬਾਕੀ ਲੋਕ ਚੁੱਪ ਧਾਰ ਲੈਂਦੇ ਹਨ। ਇਹੀ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤਾਂਹੀਓਂ ਤੇ ਸਮਾਜ ਅੰਦਰ ਕ੍ਰਾਂਤੀ ਦੀ ਚਿਣਗ ਕਦੇ-ਕਦੇ ਹੀ ਦੇਖਣ ਨੂੰ ਮਿਲਦੀ ਹੈ।

ਅੱਜ ਦੇ ਮਨੁੱਖ ਦਾ ਇਹ ਵਰਤਾਰਾ ਅਤੇ ਸੁਭਾਓ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਹਾਨੀਕਾਰਕ ਹੈ। ਇਸ ਦੇ ਘਾਤਕ ਨਤੀਜੇ ਆਉਣ ਵਾਲੇ ਸਮੇਂ ਵਿਚ ਦੇਖਣ ਨੂੰ ਮਿਲਣਗੇ। ਪਰ ਅਫ਼ਸੋਸ ਇਸ ਮੁੱਦੇ ਵੱਲ ਨਾ ਤਾਂ ਸਮਾਜ ਵਿਗਿਆਨੀਆਂ ਦਾ ਧਿਆਨ ਹੈ ਅਤੇ ਨਾ ਹੀ ਬੁਧੀਜੀਵੀ ਵਰਗ ਦਾ। ਇਸ ਬਾਰੇ ਕਿਤੇ ਖੁੱਲ੍ਹ ਕੇ ਵਿਚਾਰ-ਚਰਚਾ ਵੀ ਨਹੀਂ ਕੀਤੀ ਜਾਂਦੀ। ਸਕੂਲਾਂ, ਕਾਲਜਾਂ ਵਿਚ ਵਿਦਿਆਰਥੀਆਂ ਨੂੰ ‘ਸਮਾਜ ਵਿਗਿਆਨ’ ਬਾਰੇ ਉੱਕਾ ਹੀ ਨਹੀਂ ਪੜ੍ਹਾਇਆ ਜਾਂਦਾ ਜਾਂ ਕਿੱਧਰੇ ਮਾੜਾ-ਮੋਟਾ ਪੜ੍ਹਾਇਆ ਵੀ ਜਾਂਦਾ ਹੋਵੇਗਾ ਤਾਂ ਇਸ ਵਿਸ਼ੇ ਤੇ ਇੰਨੀ ਤਵੱਜੋਂ ਨਹੀਂ ਦਿੱਤੀ ਜਾਂਦੀ ਜਿੰਨੀ ਉਸਦੀ ਮਹੱਤਤਾ ਅਤੇ ਜ਼ਰੂਰਤ ਹੈ। ਇਸ ਲਈ ਅੱਜ ਦੇ ਬੱਚੇ ਜਿੱਥੇ ਸਾਇੰਸ ਅਤੇ ਧਰਮ ਬਾਰੇ ਜਾਣਕਾਰੀ ਰੱਖਦੇ ਹਨ ਉੱਥੇ ਸਮਾਜ ਵਿਗਿਆਨ ਬਾਰੇ ਇੰਨੀ ਜਾਣਕਾਰੀ ਨਹੀਂ ਰੱਖੀ ਜਾਂਦੀ। ਹਾਲਾਂਕਿ ਸਮਾਜ ਤੋਂ ਬਿਨਾਂ ਨਾ ਤਾਂ ਧਰਮ ਦੀ ਕੋਈ ਹੋਂਦ ਹੈ ਅਤੇ ਨਾ ਹੀ ਸਾਇੰਸ ਦੀ। ਪਰ ਇੰਨਾ ਗੰਭੀਰ ਅਤੇ ਲਾਜ਼ਮੀ ਵਿਸ਼ਾ ਅਣਗਹਿਲੀ ਦਾ ਸ਼ਿਕਾਰ ਹੋਇਆ ਜਾਪਦਾ ਹੈ। ਇਸ ਮੁੱਦੇ ਬਾਰੇ ਅਖ਼ਬਾਰਾਂ, ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਵੀ ਕਿਸੇ ਤਰ੍ਹਾਂ ਦੀ ਕੋਈ ਚਰਚਾ ਵੇਖਣ-ਸੁਣਨ ਨੂੰ ਨਹੀਂ ਮਿਲਦੀ।

ਸਮਾਜ ਵਿਚ ਰਹਿੰਦੇ ਮਨੁੱਖ ਦੇ ਅੰਦਰੋਂ ਜੇਕਰ ਕੋਮਲ ਸੰਵੇਦਨਾਵਾਂ ਦੀ ਖ਼ਤਮ ਹੋ ਗਈਆਂ, ਅਹਿਸਾਸ ਹੀ ਖ਼ਤਮ ਹੋ ਗਏ ਤਾਂ ਸੋਚ ਕੇ ਵੇਖੋ ਆਉਣ ਵਾਲੇ ਕੁਝ ਸਾਲਾਂ ਵਿਚ ਸਾਡੇ ਸਮਾਜ ਦੀ ਦਸ਼ਾ ਅਤੇ ਦਿਸ਼ਾ ਕਿੰਝ ਦੀ ਹੋਵੇਗੀ? ਇਸ ਬਾਰੇ ਅਜੇ ਸਹੀ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਪਰ ਇੰਨਾ ਲਾਜ਼ਮੀ ਕਿਹਾ ਜਾ ਸਕਦਾ ਹੈ ਕਿ ਸਮਾਜ ਦੀ ਹੋਂਦ ਹੀ ਸਮਾਪਤੀ ਵੱਲ ਤੁਰ ਪਵੇਗੀ। ਫੇਰ ਸਾਡੇ ਕੋਲ ਸਿਵਾਏ ਪਛਤਾਵੇ ਦੇ ਕੁਝ ਵੀ ਨਹੀਂ ਹੋਵੇਗਾ। ਇਸ ਲਈ ਅੱਜ ਤੋਂ ਹੀ ਬੱਚਿਆਂ ਨੂੰ ਸਮਾਜ ਦੀ ਲੋੜ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਹ ਜਾਣਕਾਰੀ ਸਭ ਤੋਂ ਪਹਿਲਾਂ ਘਰ ਤੋਂ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਫੇਰ ਸਕੂਲ ਅਤੇ ਫੇਰ ਕਾਲਜ ਅਤੇ ਯੂਨੀਵਰਸਿਟੀ ਤਾਂ ਕਿ ਬੱਚਿਆਂ ਨੂੰ ਸਮਾਜ ਦੀ ਹੋਂਦ, ਬਣਤਰ ਅਤੇ ਜ਼ਰੂਰਤ ਬਾਰੇ ਸਹੀ ਅਤੇ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।

ਇਸ ਨਾਲ ਜਿੱਥੇ ਸਮਾਜ ਮਜ਼ਬੂਤ ਹੋਵੇਗਾ ਉੱਥੇ ਹੀ ਸਮਾਜ ਵਿਚ ਰਹਿੰਦਾ ਮਨੁੱਖ ਵਧੇਰੇ ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ। ਜਿਸ ਵੇਲੇ ਮਨੁੱਖ ਨੂੰ ਸਮਾਜ ਦੀ ਲੋੜ ਅਤੇ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਤਾਂ ਉਸਦੇ ਮਨ ਅੰਦਰ ਕੋਮਲ ਸੰਵੇਦਨਾਵਾਂ ਦਾ ਮੁੜ ਸੰਚਾਰ ਹੋ ਜਾਵੇਗਾ। ਉਹ ਆਪਣੇ ਸਮਾਜ ਅਤੇ ਸਮਾਜ ਵਿਚ ਰਹਿੰਦੇ ਲੋਕਾਂ ਦੀ ਚਿੰਤਾ ਕਰੇਗਾ। ਇਸ ਨਾਲ ਇਕ-ਦੂਜੇ ਦੇ ਸੁੱਖ-ਦੁੱਖ ’ਚ ਭਾਈਵਾਲੀ ਵੱਧੇਗੀ ਅਤੇ ਸਮਾਜ ਖੁਸ਼ਹਾਲ ਸਮਾਜ ਵੱਜੋਂ ਉੱਭਰ ਕੇ ਸਾਹਮਣੇ ਆਵੇਗਾ। ਪਰ ਇਹ ਹੁੰਦਾ ਕਦੋਂ ਹੈ? ਇਹ ਸਵਾਲ ਅਤੇ ਇਸਦੇ ਜਵਾਬ ਅਜੇ ਭਵਿੱਖ ਦੀ ਕੁੱਖ਼ ਵਿਚ ਹਨ। ਖ਼ੈਰ! ਜਿਉਂਦੇ-ਵੱਸਦੇ ਰਹੋ ਸਾਰੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>