ਵੀਰਾ ਅੱਜ ਦੇ ਸ਼ੁੱਭ ਦਿਹਾੜੇ, ਦਿਲ ਤੋਂ ਦਿਆਂ ਦੁਆਵਾਂ।
ਰੱਖੜੀ ਦੇ ਤਿਉਹਾਰ ਤੇ ਬੀਬਾ, ਦਿਲ ਦਾ ਹਾਲ ਸੁਣਾਵਾਂ।
ਜੁੜੀਆਂ ਰਹਿਣ ਹਮੇਸ਼ਾ ਸਾਡੇ, ਪਿਆਰ ਦੀਆਂ ਇਹ ਤੰਦਾਂ।
ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ।
ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ ਸਿਰਨਾਵਾਂ
ਵੀਰਾ …
ਬਹਿੰਦੀ ਉਠਦੀ ਹਰ ਵੇਲੇ ਮੈ, ਸੁੱਖਾਂ ਤੇਰੀਆਂ ਮੰਗਾਂ।
ਦੁੱਖ ਸੁੱਖ ਆਪਣੇ ਸਿਰ ਤੇ ਝੱਲਾਂ, ਤੈਨੂੰ ਦੱਸਦੀ ਸੰਗਾਂ।
ਤੇਰੇ ਉੱਤੇ ਦੁੱਖ ਮੇਰੇ ਦਾ, ਪੈ ਨਾ ਜਾਏ ਪਰਛਾਵਾਂ
ਵੀਰਾ …
ਮਾਪੇ ਸਦਾ ਨਾ ਬੈਠੇ ਰਹਿਣੇ, ਵੀਰ ਭੈਣ ਦੀਆਂ ਬਾਹਵਾਂ।
ਭੁੱਲੀ ਵਿਸਰੀ ਭੈਣ ਜੋ ਤੈਨੂੰ, ਤੱਕਦੀ ਤੇਰੀਆਂ ਰਾਹਵਾਂ।
ਵੀਰ ਮੇਰੇ ਨੂੰ ਲੱਗ ਨਾ ਜਾਵਣ, ਤੱਤੀਆਂ ਕਦੇ ਹਵਾਵਾਂ
ਵੀਰਾ …
ਹਰ ਔਰਤ ਦੀ ਇੱਜ਼ਤ ਕਰਨਾ, ਸੁੱਚਾ ਕਰਮ ਹੈ ਤੇਰਾ।
ਦੇਖ ਪਰਾਈ ਭੈਣ ਸਮਝਣਾ, ਏਹੋ ਧਰਮ ਹੈ ਤੇਰਾ।
ਬਾਲੜੀਆਂ ਨੂੰ ਧੀਆਂ ਸਮਝੇਂ, ਵੱਡੀਆਂ ਜਾਣੇ ਮਾਵਾਂ
ਵੀਰਾ ..
ਕਿਸੇ ਭੈਣ ਤੇ ਵੀ ਜੇ ਤੱਕਿਆ, ਭੀੜਾਂ ਨੇ ਬਣ ਆਈਆਂ।
ਬਿਨ ਰੱਖੜੀ ਤੋਂ ‘ਦੀਸ਼’ ਦੇ ਵੀਰਾਂ, ਇੱਜ਼ਤਾਂ ਲੱਖ ਬਚਾਈਆਂ।
ਤੂੰ ਮਾਲਕ ਹੈਂ ਉਸ ਵਿਰਸੇ ਦਾ, ਤੈਨੂੰ ਯਾਦ ਕਰਾਵਾਂ
ਵੀਰਾ …
