ਕੁਝ ਪੱਤਰਕਾਰ ਅਜਿਹੇ ਵੀ ਹੋਏ ਹਨ ਜਿਨ੍ਹਾਂ ਲਈ ਸਰਕਾਰੀ ਸਜਾਵਾਂ, ਕੋਰਟ ਨੋਟਿਸ, ਕੋਰਟ ਕੇਸ ਧਮਕੀਆਂ ਉਨ੍ਹਾਂ ਦੇ ਮੈਡਲ ਬਣ ਗਏ, ਪਰ ਕੁਝ ਪੱਤਰਕਾਰ ਅਜਿਹੇ ਵੀ ਸਥਾਪਤ ਹੋਏ ਹਨ ਜਿਨ੍ਹਾਂ ਨੂੰ ਇਕ ਧਮਕੀ ਵੀ ਨਹੀਂ ਆਈ ਤੇ ਸ਼੍ਰੋਮਣੀ ਪੱਤਰਕਾਰ ਬਣ ਗਏ। ਇਕ ਅਜਿਹਾ ਪੱਤਰਕਾਰ ਜਿਸ ਨੇ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ, ਅੰਗਰੇਜ਼ੀ ਦੇ ਅਖਬਾਰ ‘ਹਿੰਦੂਸਤਾਨ ਟਾਈਮਜ਼’ ਤੋਂ ਇਲਾਵਾ ਪੰਜਾਬੀ ਦੇ ਅਖ਼ਬਾਰ ‘ਅਕਾਲੀ’ ਸਮੇਤ ਹੋਰ ਬਹੁਤ ਸਾਰੇ ਅਖਬਾਰ ਸ਼ੁਰੂ ਕੀਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵਿਚ ਅਹਿਮ ਰੋਲ ਨਿਭਾਇਆ। ਇਹ ਨਿਧੜਕ, ਦੇਸ਼ ਭਗਤ, ਫਰੀਡਮ ਫਾਈਟਰ ਪੱਤਰਕਾਰ ਹੈ ‘ਮਾਸਟਰ ਸੁੰਦਰ ਸਿੰਘ ਲਾਇਲਪੁਰੀ’।
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦਾ ਜਨਮ ਪਿੰਡ ਬੋਹਰੂ ਜ਼ਿਲ੍ਹਾ ਅੰਮ੍ਰਿਤਸਰ 1878 ਵਿਚ ਪਿਤਾ ਲਖਮੀਰ ਸਿੰਘ ਸੰਧਾ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਕੰਬੋਜ ਪਰਿਵਾਰ ਵਿਚ ਹੋਇਆ। ਨਵੀਂ ਬਸਤੀਕਰਨ ਤੇ ਤਹਿਤ ਇਹ ਪਰਿਵਾਰ ਕਈ ਹੋਰ ਲੋਕਾਂ ਨਾਲ ਅੰਮ੍ਰਿਤਸਰ ਤੋਂ ਉੱਜੜ ਕੇ ਜ਼ਿਲ੍ਹਾ ਸ਼ੇਖ਼ੂਪੁਰਾ (ਹੁਣ ਪਾਕਿਸਤਾਨ) ਵਿਚ ਚਲੇ ਗਏ। ਸੁੰਦਰ ਸਿੰਘ ਦਾ ਵਿਆਹ 1901 ਨੂੰ ਨਿਜ਼ਾਮਪੁਰ ਦੇ ਸ. ਮੰਗਲ ਸਿੰਘ ਦੀ ਬੇਟੀ ਬੀਬੀ ਸੰਤ ਕੌਰ ਨਾਲ ਹੋਇਆ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਆਪਣੀ ਸ਼ੁਰੂਆਤੀ ਪੜਾਈ ਸ਼ਾਹਕੋਟ (ਹੁਣ ਪਾਕਿਸਤਾਨ) ਵਿਚੋਂ ਕੀਤੀ। ਉਸ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਆਨਰਜ਼ ਕੀਤੀ। ਉਸ ਤੋਂ ਬਾਅਦ ਬੀਟੀ ਦੀ ਪੜਾਈ ਗੌਰਮਿੰਟ ਕਾਲਜ ਲਾਹੌਰ ਤੋਂ ਕੀਤੀ।
ਮਾਸਟਰ ਲਾਇਲਪੁਰ ਨੇ ਚਨਾਬ ਕਾਲੋਨੀ ਵਸਾਉਣ ਵਿਚ ਅਹਿਮ ਰੋਲ ਨਿਭਾਇਆ। ਸੁੰਦਰ ਸਿੰਘ ਵੱਲੋਂ ਵਸਾਏ ਲਾਇਲਪੁਰ ਦੇ ਇਲਾਕੇ ਵਿਚ ਹੀ ਉਸ ਨੇ ਖੇਤੀਬਾੜੀ ਕੀਤੀ। ਇੱਥੇ ਹੀ ਲਾਇਲਪੁਰ ਦੇ ਨਾਮ ਤੇ ਸੁੰਦਰ ਸਿੰਘ ਦਾ ਨਾਮ ‘ਸੁੰਦਰ ਸਿੰਘ ਲਾਇਲਪੁਰੀ’ ਪਿਆ, ਇਸ ਸਮੇਂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਨਾਲ ਹਰਚੰਦ ਸਿੰਘ ਰਈਸ ਵਰਗੇ ਉੱਘੇ ਵਿਅਕਤੀ ਸਨ। ਇਨ੍ਹਾਂ ਨੇ ਮਿਲ ਕੇ ਇਕ ਸੰਸਥਾ ‘ਖ਼ਾਲਸਾ ਜੰਗਮੈਨ ਐਸੋਸੀਏਸ਼ਨ’ ਬਣਾਈ। ਉਸ ਸਮੇਂ ਸਿੱਖ ਕੌਮ ਵਿੱਚ ਅੱਤ ਦੀ ਅਨਪੜ੍ਹਤਾ ਅਤੇ ਅਗਿਆਨਤਾ ਸੀ। ਮਾਸਟਰ ਲਾਇਲਪੁਰੀ ਨੇ ਸਮਾਜ ਨੂੰ ਜਾਗਰੂਕ ਕਰਨ ਅਤੇ ਸਿੱਖਿਅਤ ਕਰਨ ਦੀ ਫ਼ੌਰੀ ਲੋੜ ਮਹਿਸੂਸ ਕੀਤੀ। ਇਸ ਲਈ ਉਸ ਨੇ ਇੱਕ ਹਫ਼ਤਾਵਾਰੀ ਅਖ਼ਬਾਰ ‘ਸੱਚਾ ਢੰਡੋਰਾ’ ਸ਼ੁਰੂ ਕੀਤਾ ਅਤੇ ਦੇਸ਼ ਭਗਤੀ ਦੇ ਗੀਤ ਅਤੇ ਸਿੱਖ-ਵਿਚਾਰਧਾਰਾ ਨਾਲ ਸਬੰਧਿਤ ਰਾਸ਼ਟਰਵਾਦੀ ਲੇਖ ਛਾਪਣੇ ਸ਼ੁਰੂ ਕੀਤੇ। ਸ: ਹਰਚੰਦ ਸਿੰਘ, ਤੇਜਾ ਸਿੰਘ ਸਮੁੰਦਰੀ, ਸ: ਸਰਦੂਲ ਸਿੰਘ ਅਤੇ ਮਾਸਟਰ ਮੋਤਾ ਸਿੰਘ ਦੇ ਨਾਲ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਦਿ ਅਕਾਲੀ (ਪੰਜਾਬੀ ਡੇਲੀ) ਅਖ਼ਬਾਰ ਸ਼ੁਰੂ ਕੀਤਾ, ਜਿਸ ਰਾਹੀਂ ਰਕਾਬਗੰਜ ਗੁਰਦੁਆਰਾ ਮੋਰਚੇ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ।
ਸੁੰਦਰ ਸਿੰਘ ਲਾਇਲਪੁਰੀ ਦੇ ਸਰਦਾਰ ਹਰਚੰਦ ਸਿੰਘ ਚੰਗੇ ਮਿੱਤਰ ਸਨ। ਦੋਵਾਂ ਨੇ ਸਿੱਖ ਕੌਮ ਵਿੱਚ ਸਿੱਖਿਆ ਦੀ ਲੋੜ ਨੂੰ ਮਹਿਸੂਸ ਕੀਤਾ। ਇਸ ਲਈ ਉਨ੍ਹਾਂ ਨੇ ਸਿੰਘ ਸਭਾ ਲਾਇਲਪੁਰਾ ਦੀ ਇਮਾਰਤ ਵਿੱਚ ਪਹਿਲਾ ਪ੍ਰਾਇਮਰੀ ਸਕੂਲ ਖੋਲ੍ਹਿਆ ਜੋ ਜਲਦੀ ਹੀ ਲਾਇਲਪੁਰ ਹਾਈ ਸਕੂਲ ਵਿੱਚ ਤਬਦੀਲ ਹੋ ਗਿਆ। ਇਸ ਨੇਕ ਕਾਰਜ ਨਾਲ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸ: ਹਰਚੰਦ ਸਿੰਘ, ਮਾਸਟਰ ਸੁੰਦਰ ਸਿੰਘ ਅਤੇ ਪ੍ਰੋ: ਨਿਰੰਜਨ ਸਿੰਘ ਅਤੇ ਜਥੇਦਾਰ ਬੂਟਾ ਸਿੰਘ ਵਰਗੇ ਕਈ ਮਹੱਤਵਪੂਰਨ ਲੋਕ ਵੀ ਇਕੱਠੇ ਹੋਏ, ਜਿਨ੍ਹਾਂ ਨੇ ਸਿੱਖ ਇਤਿਹਾਸ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਹੌਲੀ-ਹੌਲੀ ਹਾਈ ਸਕੂਲ, ਲਾਇਲਪੁਰ ਖ਼ਾਲਸਾ ਕਾਲਜ ਬਣ ਗਿਆ।
13 ਅਪ੍ਰੈਲ 1919 ਦੇ ਜੱਲਿਆਂਵਾਲਾ ਬਾਗ਼ ਦੇ ਸਾਕੇ ਦੇ ਮੱਦੇਨਜ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰ ਸਮੇਤ ਲਗਭਗ ਪੂਰੇ ਪੰਜਾਬ ਨੂੰ ਮਾਰਸ਼ਲ ਲਾਅ ਅਧੀਨ ਰੱਖਿਆ ਗਿਆ ਸੀ। ਲਾਇਲਪੁਰ ਰੇਲਵੇ ਸਟੇਸ਼ਨ ਨੇੜੇ ਟੈਲੀਫ਼ੋਨ ਅਤੇ ਟੈਲੀ ਗਰਾਫ਼ ਦੀਆਂ ਤਾਰਾਂ ਦੀ ਤਬਾਹੀ ਤੋਂ ਇਲਾਵਾ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪਰ ਸਟੇਸ਼ਨ ਦੇ ਨੇੜੇ ਸੁੱਕੇ ਫੂੰਸ ਦੇ ਇੱਕ ਵੱਡੇ ਢੇਰ ਨੂੰ ਅੱਗ ਲੱਗ ਗਈ ਅਤੇ ਨਤੀਜੇ ਵਜੋਂ 2-3 ਲੋਕ ਜ਼ਿੰਦਾ ਸੜ ਗਏ। ਇਸ ਵੇਲੇ ਮਾਸਟਰ ਲਾਇਲਪੁਰੀ ਸਟੇਸ਼ਨ ‘ਤੇ ਸੀ। 22 ਅਪ੍ਰੈਲ ਨੂੰ ਤੜਕੇ, ਅੰਗਰੇਜ਼ ਪੁਲਿਸ ਨੇ ਪੂਰੀ ਤਰ੍ਹਾਂ ਮਸ਼ੀਨ-ਗੰਨਾਂ ਨਾਲ ਲਾਇਲਪੁਰ ਨੂੰ ਘੇਰਾ ਪਾ ਲਿਆ ਅਤੇ ਸੁੰਦਰ ਸਿੰਘ ਲਾਇਲਪੁਰੀ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਲਾਇਲਪੁਰੀ ‘ਤੇ ਅੱਗਜ਼ਨੀ, ਹਿੰਸਾ ਅਤੇ ਕਤਲ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ ਸੀ। ਦੋਸ਼ ਸਾਬਤ ਨਹੀਂ ਹੋਇਆ ਪਰ ਫਿਰ ਵੀ ਲਾਇਲਪੁਰੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪਰ ਮੋਤੀ ਲਾਲ ਨਹਿਰੂ, ਸੀ.ਆਰ. ਦਾਸ ਅਤੇ ਪੰ. ਮਦਨ ਮੋਹਨ ਮਾਲਵੀਆ ਵੱਲੋਂ ਨਿਭਾਈ ਭੂਮਿਕਾ ਕਰਕੇ ਵਿਸ਼ੇਸ਼ ਸਰਕਾਰੀ ਐਲਾਨ ਤਹਿਤ, ਮੌਤ ਦੀ ਸਜ਼ਾ ਨੂੰ ਜੁਰਮਾਨੇ ਅਤੇ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਪਰ ਮਾਲਵੀਆ ਵਰਗੇ ਰਾਸ਼ਟਰਵਾਦੀ ਵਕੀਲਾਂ ਨੇ ਕੇਸ ਦੀ ਪੈਰਵੀ ਜਾਰੀ ਰੱਖੀ ਅਤੇ ਅੰਤ ਵਿੱਚ ਸਜ਼ਾ ਨੂੰ ਘਟਾ ਕੇ 1200 ਰੁਪਏ ਜੁਰਮਾਨੇ ਅਤੇ ਡੇਢ ਸਾਲ ਦੀ ਕੈਦ ਕਰ ਦਿੱਤਾ ਗਿਆ, ਜਿਸ ਲਈ ਉਸ ਨੂੰ ਸੈਲੂਲਰ ਜੇਲ੍ਹ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਜੁਰਮਾਨੇ ਦਾ ਭੁਗਤਾਨ ਲਾਇਲਪੁਰੀ ਦੇ ਪਿਤਾ ਨੇ ਆਪਣੀ ਜ਼ਮੀਨ ਗਿਰਵੀ/ਵੇਚ ਕੇ ਕੀਤਾ ਸੀ।
ਜੇਲ੍ਹ ਤੋਂ ਰਿਹਾਈ ਤੋਂ ਬਾਅਦ ਮਾਸਟਰ ਲਾਇਲਪੁਰੀ ਨੇ ਇੱਕ ਪੰਜਾਬੀ ਅਖ਼ਬਾਰ ਦੀ ਸਥਾਪਨਾ ਕੀਤੀ ਜਿਸ ਦਾ ਨਾਮ ਬਾਬਾ ਅਕਾਲੀ ਫੁਲਾ ਸਿੰਘ ਦੇ ਨਾਮ ਤੇ ‘ਅਕਾਲੀ’ ਰੱਖਿਆ ਗਿਆ ਸੀ।
ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਅਤੇ ਸਜਾ ਹੋਣਾ
ਸਿੱਖ ਕੌਮ ਨੂੰ ਜਗਾਉਣ ਅਤੇ ਸੰਗਠਿਤ ਕਰਨ ਅਤੇ ਧਰਮ ਅਤੇ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਦੇ ਪਹਿਲੇ ਪੜਾਅ ਨੂੰ ਪ੍ਰਾਪਤ ਕਰਨ ਤੋਂ ਬਾਅਦ, ਰੋਜ਼ਾਨਾ ਅਕਾਲੀ ਅਖ਼ਬਾਰ ਨੇ ਆਪਣੇ ਕਾਲਮ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਸਮਰਪਿਤ ਲਿਖਣੇ ਸ਼ੁਰੂ ਕਰ ਦਿੱਤੇ। ਅਖ਼ਬਾਰ ਅਕਾਲੀ ਲਹਿਰ ਲਈ ਇੱਕਜੁੱਟ ਅਤੇ ਜਥੇਬੰਦਕ ਸਾਧਨ ਬਣ ਗਿਆ ਅਤੇ ਨਾਲ ਹੀ ਇਹ ਸਿੱਖਾਂ ਦਾ ਮੂੰਹ-ਮੁਹਾਂਦਰਾ ਪੇਸ਼ ਕਰਨ ਵਾਲਾ ਅਖਬਾਰ ਵੀ ਬਣ ਗਿਆ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ ਅਗਵਾਈ ਹੇਠ ਅਕਾਲੀ ਅਖ਼ਬਾਰ ਦੇ ਅਣਥੱਕ ਯਤਨਾਂ ਨਾਲ, ਸਿੱਖ ਕੌਮ ਦੀ ਸ਼੍ਰੋਮਣੀ ਕਮੇਟੀ (ਧਾਰਮਿਕ ਵਿੰਗ) ਅਤੇ ਸ਼੍ਰੋਮਣੀ ਅਕਾਲੀ ਦਲ (ਧਾਰਮਿਕ-ਸਿਆਸੀ ਵਿੰਗ) ਨੇ ਕ੍ਰਮਵਾਰ 15-16 ਨਵੰਬਰ 1920 ਅਤੇ 14 ਦਸੰਬਰ 1920 ਨੂੰ ਜਨਮ ਲਿਆ। ਅਖ਼ਬਾਰ (ਅਰਥਾਤ ਅਕਾਲੀ) ਦੇ ਨਾਮ ਤੋਂ ਬਾਅਦ, ‘ਗੁਰਦੁਆਰਾ ਸੁਧਾਰ ਲਹਿਰ’ ਵੀ ‘ਅਕਾਲੀ ਲਹਿਰ’ ਵਜੋਂ ਮਸ਼ਹੂਰ ਹੋ ਗਈ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ‘ਅਕਾਲੀ ਲਹਿਰ’ ਅਤੇ ‘ਸ਼੍ਰੋਮਣੀ ਅਕਾਲੀ ਦਲ’ (ਅਰਥਾਤ ਅਕਾਲੀ ਪਾਰਟੀ ਦਾ ਧਾਰਮਿਕ-ਸਿਆਸੀ ਵਿੰਗ) ਦਾ ਮੋਢੀ ਪਿਤਾ ਮੰਨਿਆ ਜਾਂਦਾ ਹੈ।
1923 ਵਿਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਾਸਟਰ ਲਾਇਲਪੁਰੀ ਨੇ ਅੰਮ੍ਰਿਤਸਰ ਤੋਂ ਅਕਾਲੀ (ਉਰਦੂ) ਅਖ਼ਬਾਰ ਕੀ ਸ਼ੁਰੂਆਤ ਕੀਤੀ। ਇਹ ਰੋਜ਼ਾਨਾ 1929-30 ਤੱਕ ਮਾਮੂਲੀ ਬਰੇਕਾਂ ਨਾਲ ਜਾਰੀ ਰਿਹਾ ਪਰ 1930 ਤੋਂ ਬਾਅਦ ਵਿੱਤੀ ਕਾਰਨਾਂ ਕਰਕੇ ਬੰਦ ਹੋ ਗਿਆ।
‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਦੀ ਸ਼ੁਰੂਆਤ
ਪੰਡਤ ਮਦਨ ਮੋਹਨ ਮਾਲਵੀਆ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਬਹੁਤ ਚੰਗੇ ਮਿੱਤਰ ਸਨ। ਉਨ੍ਹਾਂ ਨੇ ਮਾ. ਲਾਇਲਪੁਰੀ ਨੂੰ ਸੁਝਾਅ ਦਿੱਤਾ ਸੀ ਕਿ ਅਕਾਲੀਆਂ ਨੂੰ ਆਪਣਾ ਇੱਕ ਅੰਗਰੇਜ਼ੀ ਅਖ਼ਬਾਰ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ‘ਅਕਾਲ ਦਾ ਏਜੰਡਾ’ ਅਤੇ ਆਵਾਜ਼ ਭਾਰਤ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ। ਇਸ ਅਨੁਸਾਰ ‘ਅਕਾਲੀ ਅਖ਼ਬਾਰ’ ਦੇ ਪ੍ਰਬੰਧਕੀ ਬੋਰਡ ਨੇ ਲਾਇਲਪੁਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਅਤੇ ਇੱਕ ਅੰਗਰੇਜ਼ੀ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ। ਹਿੰਦੂਸਤਾਨ ਟਾਇਮਜ ਅਖਬਾਰ ਦਾ ਉਦਘਾਟਨੀ ਸਮਾਰੋਹ 15 ਸਤੰਬਰ 1924 ਨੂੰ ਮਹਾਤਮਾ ਗਾਂਧੀ ਦੁਆਰਾ ਕੀਤਾ ਗਿਆ ਸੀ। ਪਹਿਲਾ ਅੰਕ ਨਵਾਂ ਬਾਜ਼ਾਰ, ਦਿੱਲੀ (ਹੁਣ ਸਵਾਮੀ ਸ਼ਾਰਦਾ ਨੰਦ ਮਰਗ) ਤੋਂ ਪ੍ਰਕਾਸ਼ਿਤ ਕੀਤਾ ਗਿਆ। ਵਿੱਤੀ ਸਾਧਨਾਂ ਦੀ ਘਾਟ ਕਾਰਨ, ਹਿੰਦੁਸਤਾਨ ਟਾਈਮਜ਼ ਜਲਦੀ ਹੀ ਗੰਭੀਰ ਰੂਪ ਵਿਚ ਆ ਗਿਆ। ਜਿਸ ਕਰਕੇ ਇਸ ਦੀ ਮਲਕੀਅਤ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਵੇਚਣੀ ਪਈ। ਇੱਥੋਂ ਤੱਕ ਕਿ ਪੰਡਤ ਮਾਲਵੀਆ ਵੀ ਇਸ ਨੂੰ ਜ਼ਿਆਦਾ ਦੇਰ ਤੱਕ ਚਲਦਾ ਨਹੀਂ ਰੱਖ ਸਕਿਆ ਅਤੇ ਉਸ ਨੇ ਇਸ ਨੂੰ ਜੀ.ਡੀ. ਬਿਰਲਾ ਨੂੰ ਵੇਚ ਦਿੱਤਾ। ਹਿੰਦੁਸਤਾਨ ਟਾਈਮਜ਼ ਦੀ ਮਲਕੀਅਤ ਦੀ ਵਿੱਕਰੀ ਨੇ ਸੁੰਦਰ ਸਿੰਘ ਲਾਇਲਪੁਰੀ ਨੂੰ ਬਹੁਤ ਮਾਨਸਿਕ ਪ੍ਰੇਸ਼ਾਨੀ ਦਿੱਤੀ, ਇੱਥੋਂ ਤੱਕ ਮਾਸਟਰ ਹੋਰੀਂ ਪਾਗਲ ਅਵਸਥਾ ਵਿਚ ਵੀ ਚਲੇ ਗਏ ਸਨ।
ਮਾਸਟਰ ਲਾਇਲਪੁਰੀ ਨੇ ਰੋਜ਼ਾਨਾ ਅਕਾਲੀ ਅਤੇ ਹਿੰਦੁਸਤਾਨ ਟਾਈਮਜ਼ ਵਰਗੇ ਅਖ਼ਬਾਰਾਂ ਤੋਂ ਇਲਾਵਾ ਕਈ ਹਫ਼ਤਾਵਾਰੀ ਅਖ਼ਬਾਰ ਵੀ ਸ਼ੁਰੂ ਕੀਤੇ ਸਨ। ਸੂਚੀ ਵਿੱਚ ਮਹੱਤਵਪੂਰਨ ਹਨ ‘ਅਕਾਲੀ’, ‘ਆਜ਼ਾਦ ਅਕਾਲ’ (ਪੰਜਾਬੀ), ‘ਆਜ਼ਾਦ ਅਕਾਲੀ’ (ਉਰਦੂ), ‘ਮੇਲੂ’, ‘ਨਵਾਂ ਯੁੱਗ’, ‘ਦਲੇਰ ਖ਼ਾਲਸਾ’, ‘ਕੁੰਦਨ’, ‘ਇਨਕਲਾਬ’ (ਉਰਦੂ), ‘ਸਾਂਝੀਵਾਲ’, ਅਤੇ ‘ਗੁਰੂ ਖ਼ਾਲਸਾ’। ਉਨ੍ਹਾਂ ਵਿੱਚੋਂ ਹਰ ਇੱਕ ਕੁਝ ਸਮੇਂ ਲਈ ਦੌੜਦਾ ਰਿਹਾ ਅਤੇ ਫਿਰ ਸਿਆਸੀ ਜਾਂ ਵਿੱਤੀ ਜਾਂ ਦੋਵਾਂ ਕਾਰਨਾਂ ਕਰਕੇ ਬੰਦ ਹੋ ਗਿਆ।
ਆਖ਼ਰੀ ਸਮਾਂ ਭਿਆਨਕ ਰਿਹਾ ਮਾਸਟਰ ਲਾਇਲਪੁਰੀ ਦਾ :
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਹੱਕ ਸੱਚ ਤੇ ਆਦਰਸ਼ਵਾਦੀ ਪੱਤਰਕਾਰੀ ਕਰਦੇ ਕਰਦੇ ਪਰਾਇਆਂ ਦੀ ਵਿਰੋਧਤਾ ਤਾਂ ਸਹੇੜਦੇ ਹੀ ਸੀ ਪਰ ਉਹ ਆਪਣਿਆਂ ਕੋਲੋਂ ਵੀ ਕਈ ਵਾਰੀ ਹਾਰੇ ਸਨ। ਉਨ੍ਹਾਂ ਦੀ ਹਿਸਾਰ ਵਿਚ ਕੇਲੇ ਤੇ ਛਿਲਕੇ ਤਿਲਕ ਕੇ ਲੱਤ ਨੁਕਸਾਨੀ ਗਈ ਸੀ, ਉਸ ਤੋਂ ਬਾਅਦ ਉਸ ਦੀਆਂ ਲੱਤਾਂ ਖੜ ਗਈਆਂ ਸਨ ਤੁਰਨਾ ਫਿਰਨਾ ਔਖਾ ਹੋ ਗਿਆ ਸੀ, ਜਿਸ ਵਿਅਕਤੀ ਨੇ ਸ਼੍ਰੋਮਣੀ ਕਮੇਟੀ ਬਣਾਉਣ ਵਿਚ ਰੋਲ ਨਿਭਾਇਆ ਹੋਵੇ, ਉਸ ਨੇ ਸ਼੍ਰੋਮਣੀ ਕਮੇਟੀ ਤੋਂ ਲਿਖਤੀ ਤੌਰ ਤੇ ਮਾਲੀ ਮਦਦ ਮੰਗੀ ਪਰ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਲਿਖ ਦੇ ਦੋ ਟਕੇ ਵਿਚ ਹੀ ਜਵਾਬ ਦੇ ਦਿੱਤਾ, ਮੰਗਲ ਸਿੰਘ ਗਿੱਲ ਤੋਂ ਵੀ ਲਿਖ ਕੇ ਮਦਦ ਮੰਗੀ ਜਿਸ ਵਿਚ ਉਨ੍ਹਾਂ ਲਿਖਿਆ ਕਿ ਮੈਂ ਕਾਫ਼ੀ ਔਖਾ ਹਾਂ, ਮੇਰੀ ਮਦਦ ਕਰੋ, ਘਰ ਦੀ ਮਾਲੀ ਹਾਲਤ ਸਹੀ ਨਹੀਂ ਹੈ। ਮਾਸਟਰ ਲਾਇਲਪੁਰੀ ਨੂੰ ਕਈਆਂ ਵੱਲੋਂ ਮਦਦ ਮਿਲੀ ਵੀ, ਭਾਰਤ ਦੇ ਪ੍ਰਧਾਨ ਮੰਤਰੀ ਤੋਂ ਵੀ ਮਦਦ ਮਿਲੀ, ਕੁਝ ਸਰਕਾਰੀ ਸਾਧਨਾ ਤੋਂ ਵੀ ਮਦਦ ਮਿਲੀ। ਪਰ ਏਨੇ ਵੱਡੇ ਸੰਘਰਸ਼ਸ਼ੀਲ,ਅਜ਼ਾਦੀ ਘੁਲਾਟੀਏ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ਅਜ਼ਾਦੀ ਘੁਲਾਟੀਏ ਦਾ ਸਨਮਾਨ ਵੀ ਨਹੀਂ ਮਿਲਿਆ। ਉਸ ਦੇ ਪਰਿਵਾਰ ਨੇ ਬਥੇਰਾ ਕਾਗ਼ਜ਼ਾਂ ਦੀਆਂ ਫਾਈਲਾਂ ਤਿਆਰ ਕੀਤੀਆਂ ਪਰ ਲਾਭ ਨਹੀਂ ਹੋਇਆ। ਹਾਲਾਂ ਕਿ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ ਫ਼ੋਟੋ ਵੀ ਦਰਬਾਰ ਸਾਹਿਬ ਦੇ ਕੇਂਦਰੀ ਅਜਾਇਬ ਘਰ ਵਿਚ ਲੱਗੀ ਹੈ ਪਰ ਸਿੱਖ ਕੌਮ ਵੱਲੋਂ ਇਸ ਵਿਅਕਤੀ ਦੀ ਯਾਦ ਤੱਕ ਕਦੇ ਨਹੀਂ ਮਨਾਈ। ਆਖ਼ਰੀ ਸਮਾਂ ਮਾਸਟਰ ਲਾਇਲਪੁਰੀ ਆਪਣੇ ਵਿਚਕਾਰਲੇ ਪੁੱਤਰ ਜਗਤਾਰ ਸਿੰਘ ਕੋਲ ਹੀ ਰਹੇ। ਉਨ੍ਹਾਂ ਨੇ ਹੀ ਸੇਵਾ ਕੀਤੀ, ਲੱਤਾਂ ਖੜ ਗਈਆਂ ਸਨ ਪਰ ਟਹਿਲ ਸੇਵਾ ਤੇ ਲੱਤਾਂ ਦੀ ਮਾਲਸ਼ ਕਰਨ ਕਰਕੇ ਮਾਸਟਰ ਜੀ ਤੁਰਨ ਫਿਰਨ ਵੀ ਲੱਗ ਗਏ ਸਨ। ਪਹਿਲੀਆਂ ਸਰਕਾਰਾਂ ਤੋਂ ਤਾਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਸੀ ਪਰ ਅੱਜ ਦੀ ਸਰਕਾਰ ਇਸ ਵਿਅਕਤੀ ਨੂੰ ਪੱਤਰਕਾਰ ਵਜੋਂ ਤੇ ਅਜ਼ਾਦੀ ਘੁਲਾਟੀਏ ਵਜੋਂ ਮਾਨਤਾ ਦੇ ਸਕਦੀ ਹੈ। ਭਾਰਤ ਸਰਕਾਰ ਨੂੰ ਵੀ ਇਸ ਵਿਅਕਤੀ ਨੂੰ ਮਰਨ ਉਪਰੰਤ ਵੱਡੇ ਸਨਮਾਨ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਨਾਮ ਤੇ ਪਿੰਡ ਵੱਸਿਆ
ਮਾਸਟਰ ਲਾਇਲਪੁਰੀ ਦੇ ਦੂਜੇ ਭਰਾ ਹੁਕਮ ਸਿੰਘ ਦਾ ਪਰਿਵਾਰ ਵੀ ਪਟਿਆਲਾ ਵਿਚ ਆਕੇ ਰਹਿਣ ਲੱਗ ਪਿਆ ਸੀ, ਕਾਮਰੇਡ ਰਮੇਸ਼ ਸਿੰਘ ਅਜ਼ਾਦ ਦੇ ਪਿਤਾ ਦਲੀਪ ਸਿੰਘ ਨੇ ਇਕ ਚੰਗਾ ਕੰਮ ਕੀਤਾ ਕਿ ਉਨ੍ਹਾਂ ਨੇ ਜਿਸ ਪਿੰਡ ਵਿਚ ਉਹ ਰਹਿੰਦੇ ਸਨ ਉਸ ਪਿੰਡ ਦਾ ਨਾਮ ‘ਸੁੰਦਰ ਸਿੰਘ ਵਾਲਾ’ ਰੱਖ ਦਿੱਤਾ। ਇਹ ਪਿੰਡ ਪਟਿਆਲਾ ਤੋਂ ਸਨੌਰ ਤੋਂ 12 ਕਿੱਲੋਮੀਟਰ ਦੂਰੀ ਤੇ ਸਥਿਤ ਹੈ, ਜਿਸ ਦੇ ਸਰਪੰਚ ਵੀ ਕਾਮ.ਰਮੇਸ਼ ਸਿੰਘ ਅਜ਼ਾਦ ਰਹੇ ਹਨ। ਪਿੱੱਛਲੇ ਦਿਨੀ ਉਨ੍ਹਾਂ ਦਾ ਜਨਮ ਦਿਨ ਪਿੰਡ ਸੁੰਦਰ ਸਿੰਘ ਵਾਲਾ ਦੇਵੀਗੜ੍ਹ ਰੋਡ ਵਿਚ ਮਨਾਇਆ ਗਿਆ।
