ਕੇਜਰੀਵਾਲ ਦੱਸਣ, ਜਦੋਂ ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਗਈ, ਉਦੋਂ ਉਹ ਕਿਸ ਦਾ ‘ਜਵਾਈ’ ਸੀ? : ਪ੍ਰੋ. ਖਿਆਲਾ

Screenshot_2026-10-17_15-35-14.resizedਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਭਾਜਪਾ ਦਾ ‘ਜਵਾਈ’ ਕਹਿਣ ’ਤੇ ਪਲਟਵਾਰ ਕਰਦਿਆਂ ਪੁੱਛਿਆ ਕਿ ਸਤੰਬਰ 2022 ਦੌਰਾਨ ਜਦੋਂ ਪੰਜਾਬ ਪੁਲਿਸ ਦੀ ਹਿਰਾਸਤ ਦੌਰਾਨ ਬਿਸ਼ਨੋਈ ਦੀ ਇੰਟਰਵਿਊ ਕਰਾਈ ਗਈ, ਉਦੋਂ ਉਹ ਕਿਸ ਦਾ ‘ਜਵਾਈ’ ਸੀ? ਉਨ੍ਹਾਂ ਕਿਹਾ ਕਿ ਕੇਜਰੀਵਾਲ ਬੁਖਲਾਹਟ ਵਿੱਚ ਭਾਸ਼ਾ ਦੀ ਮਰਿਆਦਾ ਭੁੱਲ ਰਹੇ ਹਨ। ਉਨ੍ਹਾਂ ਵਰਗੇ ਆਗੂ ਨੂੰ ਜਨਤਕ ਜੀਵਨ ਵਿੱਚ ਸਿਆਸੀ ਸ਼ਿਸ਼ਟਾਚਾਰ ਦਾ ਖ਼ਿਆਲ ਰੱਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਐੱਸ.ਆਈ.ਟੀ. ਦੀ ਰਿਪੋਰਟ ਵਿੱਚ ਸੀ ਆਈ ਏ ਸਟਾਫ਼ ਖਰੜ ਵਿਖੇ ਹਿਰਾਸਤ ਦੌਰਾਨ ਇੰਟਰਵਿਊ ਲਈ ਸਟੂਡੀਓ ਵਰਗਾ ਮਾਹੌਲ ਬਣਾਉਣ ਅਤੇ ਵਾਈ-ਫਾਈ ਤੇ ਮੋਬਾਈਲ ਫੋਨ ਵਰਗੀਆਂ ਸਹੂਲਤਾਂ ਮਿਲਣ ਦੇ ਤੱਥ ਸਾਹਮਣੇ ਆਏ ਸਨ। ਅਦਾਲਤ ਨੇ ਅਜਿਹੇ ਇੰਟਰਵਿਊਆਂ ਰਾਹੀਂ ਅਪਰਾਧੀਆਂ ਨੂੰ ਪ੍ਰਮੋਟ ਕਰਨ ’ਤੇ ਵੀ ਚਿੰਤਾ ਜਤਾਈ ਸੀ।

ਪ੍ਰੋ. ਖਿਆਲਾ ਨੇ ਸਵਾਲ ਕੀਤਾ ਕਿ ਜੇ ਬਿਸ਼ਨੋਈ ਭਾਜਪਾ ਦਾ ‘ਜਵਾਈ’ ਹੈ ਤਾਂ ਪੰਜਾਬ ਪੁਲਿਸ ਦੀ ਹਿਰਾਸਤ ਦੌਰਾਨ ਉਸ ਨੂੰ ਮਿਲੀਆਂ ਸਹੂਲਤਾਂ ਲਈ ਕੌਣ ਜ਼ਿੰਮੇਵਾਰ ਸੀ? ਪੰਜਾਬ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ। ਕੇਜਰੀਵਾਲ ਦੂਜਿਆਂ ’ਤੇ ਉਂਗਲ ਚੁੱਕਣ ਦੀ ਬਜਾਏ ਆਪਣੀ ਸਰਕਾਰ ਦੀ ਜਵਾਬਦੇਹੀ ਤੈਅ ਕਰਨ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਇਹ ਵੀ ਦੱਸਣ ਕਿ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਦੱਸੇ ਜਾਂਦੇ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ‘ਆਪ’ ਵਿੱਚ ਸ਼ਾਮਲ ਕਰਕੇ ਹਲਕਾ ਇੰਚਾਰਜ ਬਣਾਉਣ ਪਿੱਛੇ ਕੀ ਤਰਕ ਸੀ? ਸੇਖੋਂ ਵਿਰੁੱਧ 47 ਅਪਰਾਧਿਕ ਮਾਮਲੇ ਦਰਜ ਹੋਣ ਅਤੇ ਜੇਲ੍ਹ ਬਰੇਕ ਰਾਹੀਂ ਇੱਕ ਅੱਤਵਾਦੀ ਦੇ ਫ਼ਰਾਰ ਹੋਣ ਵਿੱਚ ਉਸ ਦੀ ਭੂਮਿਕਾ ਬਾਰੇ ਉੱਠੇ ਸਵਾਲਾਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਪੰਜਾਬ ਸਰਕਾਰ ਅਤੇ ‘ਆਪ’ ਦੇ ਸੰਗਠਨ ਵਿੱਚ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਜਾਂ ਨਜ਼ਦੀਕੀਆਂ ਨੂੰ ਕਿਹੜੇ ਅਹੁਦੇ ਦਿੱਤੇ ਗਏ ਹਨ। ਗੈਂਗਸਟਰਵਾਦ ਦੇ ਖ਼ਾਤਮੇ ਦੇ ਦਾਅਵਿਆਂ ਅਤੇ ਅਜਿਹੇ ਸਿਆਸੀ ਫ਼ੈਸਲਿਆਂ ਵਿਚਲਾ ਵਿਰੋਧਾਭਾਸ ਸਪੱਸ਼ਟ ਹੋਣਾ ਚਾਹੀਦਾ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਨਸ਼ਿਆਂ ਅਤੇ ਅਮਨ ਕਾਨੂੰਨ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀਆਂ ਸਮੱਸਿਆਵਾਂ ਦੇ ਹੱਲ ਦੀ ਬਜਾਏ ਫਰਾਂਸ ਦੀ ਸੈਰ ’ਤੇ ਮਸਤ ਹਨ। ਸਿਆਸੀ ਬਿਆਨਬਾਜ਼ੀ ਦੀ ਬਜਾਏ ਪੰਜਾਬ ਨੂੰ ਠੋਸ ਕਾਰਵਾਈ ਅਤੇ ਜਵਾਬਦੇਹੀ ਦੀ ਲੋੜ ਹੈ।

ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਭਾਜਪਾ ਦੀ ਤਰਜੀਹ

ਪ੍ਰੋ. ਖਿਆਲਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਸਾਬਕਾ ਫ਼ੌਜੀ ਸ. ਭੀਮ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ’ਤੇ ਪ੍ਰਗਟਾਏ ਭਰੋਸੇ ਦਾ ਭਾਜਪਾ ਪੂਰਾ ਸਤਿਕਾਰ ਕਰਦੀ ਹੈ ਅਤੇ ਇਸ ਭਰੋਸੇ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਸ. ਭੀਮ ਸਿੰਘ ਨੇ ਪਰਵਿੰਦਰ ਝੋਟਾ ਦੀ ਹੱਤਿਆ ’ਤੇ ਸਿਆਸਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦੇ ਕੇ ਸਪੱਸ਼ਟ ਕੀਤਾ ਹੈ ਕਿ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਵਿਰੋਧ ਕਰਨਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਭਾਵਨਾਵਾਂ ਦਾ ਅਪਮਾਨ ਹੋਵੇਗਾ। ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੂੰ ਪੀੜਤ ਪਰਿਵਾਰ ਦੇ ਜਜ਼ਬਾਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰਿਵਾਰ ਵੱਲੋਂ ਪਰਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਭਾਜਪਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਸ ਮੰਗ ਨੂੰ ਅੱਗੇ ਵਧਾਏਗੀ।

ਉਨ੍ਹਾਂ ਕਿਹਾ ਕਿ ਸ. ਭੀਮ ਸਿੰਘ ਨੇ ਸਰਹੱਦਾਂ ’ਤੇ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਦੇ ਦੁੱਖ ਅਤੇ ਇਨਸਾਫ਼ ਦੀ ਮੰਗ ਨੂੰ ਸਿਆਸੀ ਲਾਹੇ ਲਈ ਵਰਤਣ ਦੀ ਬਜਾਏ ਸਾਰੀਆਂ ਧਿਰਾਂ ਨੂੰ ਪਰਿਵਾਰ ਦੇ ਨਾਲ ਖੜ੍ਹਨਾ ਚਾਹੀਦਾ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਆਪਣੀ ਸਰਕਾਰ ਦੇ ਰਿਕਾਰਡ ਬਾਰੇ ਜਵਾਬ ਦੇਣ ਅਤੇ ਫਿਰ ਦੂਜਿਆਂ ਨੂੰ ਕਾਨੂੰਨ-ਵਿਵਸਥਾ ਬਾਰੇ ਨਸੀਹਤਾਂ ਦੇਣ। ਭਾਜਪਾ ਪੰਜਾਬ ਨੂੰ ਨਸ਼ਾ-ਮੁਕਤ ਅਤੇ ਗੈਂਗਸਟਰਵਾਦ ਤੋਂ ਮੁਕਤ ਬਣਾਉਣ ਅਤੇ ਨਸ਼ਿਆਂ ਵਿਰੁੱਧ ਲੜਦਿਆਂ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਲੜਾਈ ਜਾਰੀ ਰੱਖੇਗੀ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>