ਸੂਰਬੀਰ ਜਰਨੈਲ ਅਕਾਲੀ ਫੂਲਾ ਸਿੰਘ

ਜ਼ੇ ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ, ਹੈਸੀ ਨਾਲ ਸਰਕਾਰ ਦੇ ਸੰਗ ਯਾਰੋ ।
ਇਕ ਨਾਮੀ ਗਰਾਮੀ ਸਰਦਾਰ ਭਾਰਾ ,ਹੁਸ਼ਿਆਰ ਮਾਨਿੰਦ ਪਲੰਗ ਯਾਰੋ ।
ਮਸਤ ਜੰਗ ਦੇ ਵਿਚ ਅਨੰਦ ਰਹਿੰਦਾ, ਪੀਂਦਾ ਰੰਗ ਹਰਿਆਵਲੀ ਭੰਗ ਯਾਰੋ ।
ਕਾਦਰਯਾਰ ਮਸ਼ਹੂਰ ਜਹਾਨ ਅੰਦਰ, ਫ਼ੂਲਾ ਸਿੰਘ ਅਕਾਲੀ ਨਿਹੰਗ ਯਾਰੋ ।੧੩। …….(ਕਾਦਰਯਾਰ)

ਅਕਾਲੀ ਫੂਲਾ ਸਿੰਘ ਜੀ ਨਿਹੰਗ ਜਿਨ੍ਹਾਂ ਨੂੰ ਅਕਸਰ ਸੰਤ ਸਿਪਾਹੀ ਦੇ ਉੱਚ ਆਦਰਸ਼ ਦਾ ਜਿਊਂਦਾ ਰੂਪ ਕਿਹਾ ਜਾਂਦਾ ਹੈ , ਸਿੱਖ ਰਾਜ ਦੇ ਉਭਾਰ ਅਤੇ ਅਕਾਲ-ਤਖਤ ਦੀ ਰੂਹਾਨੀ-ਰਾਜਸੀ ਤਾਕਤ ਨੂੰ ਮਜਬੂਰ ਕਰਨ ਵਾਲੇ ਜਰਨੈਲ ਸਨ। ਉਹਨਾਂ ਦਾ ਜੀਵਨ ਸਿੱਖੀ ਦੇ ਅਨੂਠੇ ਜੰਗੀ ਇਤਿਹਾਸ, ਨਿਹੰਗ ਰੀਤ, ਤਿਆਗੀ ਸੁਭਾਉ ਅਤੇ ਗੁਰੂ ਗ੍ਰੰਥ ਪੰਥ ਦੀ ਸਰਦਾਰੀ ਨੂੰ ਸਮਰਪਿਤ ਰਿਹਾ ।

ਡਾ ਰਤਨ ਸਿੰਘ ਜੱਗੀ ਦੇ ਸਿੱਖ ਵਿਸ਼ਵ ਕੋਸ਼ ਅਨੁਸਾਰ ਅਕਾਲੀ ਫੂਲਾ ਸਿੰਘ ਦਾ ਜਨਮ ਪੰਜਾਬ ਦੇ ਬਾਂਗਰ ਦੇ ਇਲਾਕੇ ਵਜੋਂ ਜਾਣੇ ਜਾਂਦੇ  ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸਿਹਾਂ ਵਿੱਚ 14 ਜਨਵਰੀ 1760 ਈਸਵੀ ਨੂੰ ਸਰਦਾਰ ਈਸ਼ਰ ਸਿੰਘ ਜੀ ਦੇ ਘਰ ਬੀਬੀ ਹਰਿ ਕੌਰ ਦੀ ਕੁੱਖੋਂ ਹੋਇਆ। ਪਿਤਾ ਈਸ਼ਰ ਸਿੰਘ ਜੀ ਦੇ ਵੱਡੇ ਘੱਲੂਘਾਰੇ ਵਿੱਚ ਜਖਮੀ ਹੋ ਗਏ ਅਤੇ ਥੋੜ੍ਹੀ ਦੇਰ ਬਾਅਦ ਹੀ ਉਨਾਂ ਦੀ ਮੌਤ ਹੋ ਗਈ। ਡਾ ਬਲਕਾਰ ਸਿੰਘ ਜੀ ਅਨੁਸਾਰ ,”ਅਕਾਲੀ ਫੂਲਾ ਸਿੰਘ ਵੀ ਉਸ ਡੇਰੇ ਨਾਲ ਜੁੜੇ ਹੋਏ ਸਨ ਜਿਸ ਨਾਲ ਉਨ੍ਹਾਂ ਦੇ ਪਿਤਾ ਜੀ ਜੁੜੇ ਹੋਏ ਸਨ। ਪਿਤਾ ਦੀ ਵੱਡੇ ਘੱਲੂਘਾਰੇ ਵਿਚ ਮੌਤ ਤੋਂ ਬਾਅਦ ਛੋਟੀ ਉਮਰੇ ਉਹ ਉਸ ਡੇਰੇ ਵਿਚ ਬਾਬਾ ਨੈਣਾ ਸਿੰਘ ਕੋਲ ਚਲੇ ਗਏ।  ਉਨ੍ਹਾਂ ਨੇ ਧਰਮ ਦੀ ਅਤੇ ਜੰਗ ਦੀ ਸਿੱਖਿਆ ਇਸ ਡੇਰੇ ਤੋਂ ਲਈ। ਅਸਲ ਵਿੱਚ ਇਹ ਡੇਰੇ ਸਿਖਿਆ ਦਿੰਦੇ ਸਨ ਕਿ ਇੱਕ ਸਿੱਖ ਨੇ ਸਮਾਜ ਵਿਚ ਕਿਸ ਤਰਾਂ ਵਿਚਰਨਾ ਹੈ। ਇੱਕ ਸਮੇਂ ਬਾਅਦ ਉਹ ਇਸ ਡੇਰੇ ਦੇ ਮੁਖੀ ਬਣੇ।”

ਅਜੇ 14 ਸਾਲ ਦੇ ਸਨ, ਜਦੋਂ ਮਾਤਾ ਜੀ ਵੀ ਸਾਥ ਛੱਡ ਗਏ। ਬਚਪਨ ਤੋਂ ਹੀ ਨਿਹੰਗ ਦਲ ਨਾਲ ਜੁੜਨ  ਅਤੇ ਬੁੱਢਾ ਦਲ ਦੀ ਸੰਗਤ ਵਿਚ ਖਾਲਸਾ ਸੰਤ ਸਿਪਾਹੀ ਮਰਯਾਦਾ ਵਿਚ ਪਰਪੱਕ ਹੋ ਗਏ। ਰੋਜ਼ਾਨਾ ਦੇ ਨੇਮ ਵਿਚ ਅੰਮ੍ਰਿਤ ਵੇਲਾ, ਆਸਾ ਦੀ ਵਾਰ, ਜਪ ਤਪ, ਸੰਗੀਤਮਈ ਕੀਰਤਨ, ਗੁਰਬਾਣੀ ਅਭਿਆਸ ਦੇ ਨਾਲ ਘੋੜ ਸਵਾਰੀ, ਅਖਾੜਾ, ਸ਼ਸ਼ਤਰ ਵਿੱਦਿਆ ਅਤੇ ਜੰਗੀ ਰਣਨੀਤੀ ਦੀ ਵਿਧੀਬੱਧ ਸਿਖਲਾਈ ਮਿਲਦੀ ਸੀ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਹੋਣ ਵਾਲੇ ਗੁਰਮਤੇ ਨੂੰ ਗੁਰੂ ਦੀ ਸੰਗਤ-ਪ੍ਰਮਾਣਿਤ ਆਗਿਆ ਮੰਨਦੇ ਸਨ ਅਤੇ ਉਸਦੇ ਨਿਭਾਉ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਫਰਜ ਸਮਝਦੇ ਸਨ। ਉਨਾਂ ਦੀ ਨਿਹੰਗ ਰੀਤ ਵਿੱਚ ਚੜ੍ਹਦੀ ਕਲਾ, ਨਿਰਭਉ ਨਿਰਵੈਰ ਮਨੋਭਾਵ, ਲੰਗਰ,ਸੇਵਾ,ਅਤੇ ਮਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਮਿਸ਼ਰਤ ਰੂਪ ਮਿਲਦਾ ਹੈ ਜਿਹੜਾ ਸੰਤ ਸਿਪਾਹੀ ਦੇ ਸੰਕਲਪ ਨੂੰ ਜੀਵਤ ਕਰਦਾ ਹੈ।  ਹੌਲੀ ਹੌਲੀ ਉਹ ਨਿਹੰਗ ਰੰਗ ਦੇ ਨੀਲ ਬਸਤਰ ਬਾਣਿਆਂ ਅਤੇ ਖਾਲਸਾ ਪੰਥ ਦੀ ਮਿਥੀ ਪ੍ਰਥਾ ਦੇ ਪ੍ਰਤੀਕ ਵਜੋਂ ਮਸ਼ਹੂਰ ਹੋਏ ਅਤੇ ਅੰਤ ਵਿਚ ਬੁੱਢਾ ਦਲ ਦੇ ਆਗੂ ਅਤੇ ਅਕਾਲ ਬੁੰਗਾ ਦੇ ਮੁੱਖ ਸੇਵਾਦਾਰ ਦੇ ਰੂਪ ਵਿਚ ਪ੍ਰਮੁੱਖ ਸਥਿਤੀ ਵਿਚ ਆ ਗਏ। ਉਹ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਛੇਵੇਂ ਜੱਥੇਦਾਰ ਵੀ ਰਹੇ ਸਨ।

ਅੰਮ੍ਰਿਤਸਰ ਅਤੇ ਗੁਰਦੁਆਰੇ :- 1800 ਦੇ ਆਸ ਪਾਸ ਅਕਾਲੀ ਫੂਲਾ ਸਿੰਘ ਨੇ ਅੰਮ੍ਰਿਤਸਰ ਆ ਕੇ ਉੱਥੋਂ ਦੇ ਮਹੰਤਾਂ ਅਤੇ ਗੁਰਦੁਆਰਿਆਂ ਦੀ ਬਦਇੰਤਜਾਮੀ ਨੂੰ ਠੀਕ ਕੀਤਾ। ਗੁਰਦੁਆਰਾ ਪ੍ਰਬੰਧ ਵਿਚ ਧਾਰਮਿਕ ਅਨੁਸਾਸ਼ਨ ਲੰਗਰ ਅਤੇ ਸੰਗਤ ਦੇ ਹੱਕ ਦੀ ਪੱਖ ਦਾਰੀ ਕੀਤੀ।  ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਦੀ ਤੋਪ ਦੇਣ ਤੋਂ ਇਨਕਾਰ ਕਰਨ ਕਰਕੇ ਭੰਗੀ ਮਿਸਲ ਦੇ ਗੁਲਾਬ ਸਿੰਘ ਭੰਗੀ ਦੇ ਪੁੱਤਰ ਨੂੰ ਮਾਰ ਦਿੱਤਾ, ਅੰਮ੍ਰਿਤਸਰ ਨੂੰ ਜਿੱਤਿਆ ਤੇ ਅਕਾਲੀ ਫੂਲਾ ਸਿੰਘ ਨੇ ਸ਼ਹਿਰ ਦੇ ਵਸਨੀਕਾਂ ਨਾਲ ਲੁੱਟ ਖਸੁੱਟ ਨਾ ਕਰਨ ਦੀ ਸਿਫਾਰਸ਼ ਕਰਕੇ ਖਾਲਸਾ ਰਾਜ ਦੇ ਨੈਤਿਕ ਮਾਡਲ ਦੀ ਰੱਖਿਆ ਹੋਈ । ਮਹਾਰਾਜਾ ਨੇ ਅਕਾਲੀ ਜੀਂ ਦੇ ਅਧੀਨ ਅਕਾਲ ਨਾਂ ਦੀ ਇਕ ਰੈਜਮੈਂਟ ਬਣਾਈ ਤੇ ਫੂਲਾ ਸਿੰਘ ਨੂੰ ਉਸਦਾ ਮੁਖੀ ਥਾਪ ਦਿੱਤਾ।

ਜੰਗਾਂ ਅਤੇ ਫੌਜੀ ਸੇਵਾ :- ਕਸੂਰ ਦੀ ਲੜਾਈ :- 1807 ਵਿਚ ਨਵਾਬ ਕਸੂਰ ਦੇ ਖਿਲਾਫ ਪਹਿਲੀ ਵੱਡੀ ਲੜਾਈ ਵਿਚ ਅਕਾਲੀ ਫੂਲਾ ਸਿੰਘ ਜੀ ਅਤੇ ਉਹਨਾਂ ਦੇ ਨਿਹੰਗ ਦਲ ਨੇ ਦਰਬਾਰ-ਏ-ਖਾਲਸਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਮੋਹਰੀ ਭੂਮਿਕਾ ਨਿਭਾਈ । ਕਸੂਰ ਦਾ ਕਿਲ੍ਹਾ ਬਹੁਤ ਮਜਬੂਤ ਸੀ ਸਿੱਖ ਤੋਪਾਂ ਨੇ ਇੱਕ ਮਹੀਨੇ ਤੱਕ ਕੰਧਾਂ ਤੇ ਗੋਲਾਬਾਰੀ ਕੀਤੀ, ਫਿਰ ਗੁਪਤ ਤਰੀਕੇ ਨਾਲ ਕਿਵਾੜਾਂ ਦੇ ਹੇਠਾਂ ਬਾਰੂਦ ਲਗਾ ਕੇ ਕੰਗੂਰਾ ਤੋੜਿਆ ਗਿਆ ਅਤੇ ਸਭ ਤੋਂ ਪਹਿਲਾਂ ਨਿਹੰਗ ਸਿੰਘ ਅਕਾਲੀ ਜੀਂ ਦੀ ਅਗਵਾਈ ਵਿਚ ਉਸ ਸੁੱਤ ਦੇ ਰਾਹੀਂ ਅੰਦਰ ਦਾਖਲ ਹੋਏ ਅਤੇ ਹੱਥੋਂ ਹੱਥੀ ਜੰਗ ਵਿਚ ਕਿਲ੍ਹਾ ਜਿੱਤਿਆ।  ਨਵਾਬ ਕਸੂਰ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅਕਾਲੀ ਫੂਲਾ ਸਿੰਘ ਨੇ ਗੁਰੂ ਸਿੱਖੀ ਦੇ ਨਿਆਂ ਸਿਧਾਂਤ ਦੇ ਅਨੁਸਾਰ ਉਸ ਨਾਲ ਬੇਇਨਸਾਫ਼ੀ ਤੋਂ ਬਚਦੇ ਹੋਏ ਉਸਨੂੰ ਸਤਲੁਜ ਨੇੜੇ ਇੱਕ ਜਮੀਨ ਦੇ ਦੇਣ ਦੀ ਸਿਫਾਰਿਸ਼ ਕੀਤੀ ਜੋ ਉਹਨਾਂ ਦੀ ਇਨਸਾਫ ਪਸੰਦ ਪ੍ਰਵਿਰਤੀ ਨੂੰ ਦਰਸਾਉਂਦਾ ਹੈ।

ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ ਵਿਚ  ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਡੋਗਰਿਆਂ ਨੂੰ ਵੱਡੇ ਤੇ ਅਹਿਮ ਅਹੁਦੇ ਦਿੱਤੇ ਜਾਣ , ਮਿਸਰ ਗੰਗਾ ਰਾਮ ਬ੍ਰਾਹਮਣ ਦੀਆਂ ਐਂਟੀ ਸਿੱਖ ਕਾਰਵਾਈਆਂ, ਗੰਗਾ ਰਾਮ ਵਲੋਂ ਲਾਹੌਰ ਦਰਬਾਰ ਵਿਚ ਰਿਸ਼ਤੇਦਾਰਾਂ ਦੀ ਭਰਤੀ, ਹਿੰਦੂ ਅਹਿਲਕਾਰਾਂ ਵਲੋਂ ਰਣਜੀਤ ਸਿੰਘ ਤੇ ਕੁੰਵਰ ਖੜਕ ਸਿੰਘ, ਰਣਜੀਤ ਸਿੰਘ ਤੇ ਕੁੰਵਰ ਸ਼ੇਰ ਸਿੰਘ ਵਿਚਕਾਰ ਪੈਦਾ ਕੀਤੀ ਨਫਰਤ ਅਤੇ ਰਣਜੀਤ ਸਿੰਘ ਦੀਆਂ ਬ੍ਰਾਹਮਣਵਾਦ ਵਾਲੀਆਂ ਕਾਰਵਾਈਆਂ ਵਿਚ ਵਾਧੇ ਤੋਂ ਅਕਾਲੀ ਫੂਲਾ ਸਿੰਘ ਬਹੁਤ ਨਿਰਾਸ਼ ਹੋ ਗਏ ਸਨ । ਰਣਜੀਤ ਸਿੰਘ ਸ਼ਰਾਬ ਤੇ ਸ਼ਬਾਬ ਵਿਚ ਮਸਤ ਫੂਲਾ ਸਿੰਘ ਜੀ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ, ਸਤੰਬਰ 1814 ਵਿਚ ਫੂਲਾ ਸਿੰਘ ਨੇ ਅੰਮ੍ਰਿਤਸਰ ਛੱਡ ਦਿੱਤਾ ਅਤੇ ਅਨੰਦਪੁਰ ਚਲਿਆ ਗਿਆ।  ਇੱਕ ਵਿਚਾਰ ਅਨੁਸਾਰ ਫੂਲਾ ਸਿੰਘ ਦਾ ਨਿਰਾਸ਼ ਹੋ ਕੁਐ ਭੱਜਣਾ ਬਹਾਦਰੀ ਨਹੀਂ, ਬਲਕਿ ਕਮਜ਼ੋਰੀ ਸੀ। ਸ਼ਾਇਦ ਉਹ ਰਣਜੀਤ ਸਿੰਘ ਦੀ ਵੱਡੀ ਫੌਜ ਨਾਲ ਮੱਥਾ ਨਹੀਂ ਸੀ ਲਾਉਣਾ ਚਾਹੁੰਦਾ।

ਮਹਾਰਾਜਾ ਜੀਂਦ ਅੰਗਰੇਜਾਂ ਨਾਲ ਕਿਸੇ ਗਲ਼ੋਂ ਨਾਰਾਜ਼ ਸੀ ਤੇ ਉਹ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿਚ ਅਨੰਦਪੁਰ ਆ ਗਿਆ। ਅੰਗਰੇਜਾਂ ਨੇ ਰਣਜੀਤ ਸਿੰਘ ਅਤੇ ਮਹਾਰਾਜਾ ਨਾਭਾ ਪਾਸੋਂ ਫੂਲਾ ਸਿੰਘ ਤੇ ਜੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ, ਪਰ ਸਿਰੜ ਦੇ ਪੱਕੇ ਅਕਾਲੀ ਫੂਲਾ ਸਿੰਘ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਠੀਕ ਨਾ ਸਮਝਿਆ ਅਤੇ ਸਾਫ ਇਨਕਾਰ ਕਰ ਦਿੱਤਾ। ਡੋਗਰਿਆਂ ਦੀ ਸਾਜਿਸ਼ ਨਾਲ ਅਨੰਦਪੁਰ ਚੜ੍ਹਾਈ ਕਰਕੇ ਫੂਲਾ ਸਿੰਘ ਨੂੰ ਮੋੜ ਲਿਆਉਣ ਲਈ ਵੀ ਹੁਕਮ ਕੀਤਾ ਗਿਆ ਪਰ ਸਿੱਖ ਫ਼ੌਜ ਨੇ ਅਕਾਲੀ ਜੀ ਵਿਰੁੱਧ ਲੜਨ ਤੋਂ ਨਾਂਹ ਕਰ ਦਿੱਤੀ। ਅੰਗਰੇਜਾਂ ਦੇ ਕਹਿਣ ਤੇ ਇਸੇ ਮੰਤਵ ਲਈ ਨਵਾਬ ਮਲੇਰਕੋਟਲਾ ਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫੌਜਾਂ ਨੇ ਵੀ ਅਕਾਲੀ ਫੂਲਾ ਸਿੰਘ ਵਿਰੁੱਧ ਲੜਨ ਤੋਂ ਇਨਕਾਰ ਕਰ ਦਿੱਤਾ। ਰਣਜੀਤ ਸਿੰਘ ਨੂੰ ਪਤਾ ਲੱਗਣ ਤੇ ਉਹ ਆਪ ਅਕਾਲੀ ਫੂਲਾ ਸਿੰਘ ਕੋਲ ਪੁੱਜੇ ਅਤੇ ਪਿਆਰ ਨਾਲ ਵਾਪਸ ਅੰਮ੍ਰਿਤਸਰ ਮੋੜ ਲਿਆਏ ।

ਮੁਲਤਾਨ ਦੀ ਮੁਹਿੰਮ :- ਮੁਲਤਾਨ ਦੀ ਲੜਾਈ ਵਿਚ ਅਕਾਲੀ ਫੂਲਾ ਸਿੰਘ ਦੇ ਨਿਹੰਗ ਦਲ ਨੇ ਇੱਕ ਬੜੀ ਤਿਆਗਮਈ ਕਾਰਵਾਈ ਕੀਤੀ। ਕਿਲੇ ਦੀ ਕੰਧ ਤੋੜਨ ਲਈ ਜਦੋਂ ਤੋਪ ਨੂੰ ਝੁਕਾਉਣ ਦੀ ਲੋੜ ਪਈ ਤਾਂ ਨਿਹੰਗ ਜੱਥੇਦਾਰਾਂ ਨੇ ਇੱਕ ਪਾਸੇ ਤੋਪ ਦੇ ਹੇਠਾਂ ਆਪਣੇ ਸਰੀਰ ਰੱਖ ਕੇ ਉਸਨੂੰ ਠੀਕ ਕੋਣ ਤੇ ਲਿਆ ਅਤੇ ਵਾਰ ਵਾਰ ਗੋਲੇ ਦਾਗਣ ਨਾਲ ਕਈ ਸਿੰਘ ਸ਼ਹੀਦ ਹੋ ਗਏ। ਇਹ ਘਟਨਾ ਸਿੱਖ ਜੰਗੀ ਇਤਿਹਾਸ ਵਿਚ “ਆਪਣੇ ਸਰੀਰਾਂ ਨੂੰ ਤੋਪ ਦੀ ਟੇਕ ਬਣਾਉਣ ” ਵਜੋਂ ਦਰਜ ਹੈ। ਇਸ ਮੁਲਤਾਨ ਨੂੰ ਜਿੱਤਣ ਵਿਚ 5 ਵਾਰੀ ਰਣਜੀਤ ਸਿੰਘ ਅਸਫਲ ਹੋ ਚੁੱਕਿਆ ਸੀ, ਜਿਸ ਤੇ ਹੁਣ  ਅਕਾਲੀ ਫੂਲਾ ਸਿੰਘ ਦੇ ਜੱਥੇ ਨੇ ਜਿੱਤ ਹਾਸਲ ਕੀਤੀ ਅਤੇ ਰਣਜੀਤ ਸਿੰਘ ਦੀ ਝੋਲੀ ਵਿਚ ਪਾਈ।

ਪਠਾਨ ਬਗਾਵਤ ਅਟਕ ਅਤੇ ਕਸ਼ਮੀਰ :- 1818 ਦੇ ਕਰੀਬ ਜਦੋਂ ਅਟਕ ਦੇ ਨੇੜੇ ਕਈ ਪਠਾਨ ਕਬੀਲਿਆਂ ਨੇ ਬਗਾਵਤ ਕੀਤੀ, ਪਹਿਲਾਂ ਛੋਟਾ ਜੱਥਾ ਭੇਜਿਆ ਗਿਆ ਜੋ ਘਾਤ ਲਾ ਕੇ ਬਰਬਾਦ ਕਰ ਦਿੱਤਾ ਗਿਆ। ਇਸ ਤੇ ਮਹਾਰਾਜਾ ਰਣਜੀਤ ਸਿੰਘ ਪ੍ਰੇਸ਼ਾਨ ਹੋਏ ਅਤੇ ਅਕਾਲੀ ਫੂਲਾ ਸਿੰਘ ਨੂੰ ਹਰੀ ਸਿੰਘ ਨਲੂਆ ਦੇ ਨਾਲ ਭੇਜਿਆ ਗਿਆ। ਨਿਹੰਗ ਦਲ ਨੇ ਅੱਗੇ ਵਧ ਕੇ ਪਠਾਨ ਬਗਾਵਤ ਨੂੰ ਕੁਚਲਿਆ ਜਿਸ ਨਾਲ ਉੱਤਰ ਪੱਛਮੀ ਸਰਹੱਦ ਤੇ ਸਿੱਖ ਰਾਜ ਦਾ ਦਬਦਬਾ ਬਰਕਰਾਰ ਰਿਹਾ। 1819 ਵਿੱਚ ਕਸ਼ਮੀਰ ਦੇ ਸਾਸ਼ਕ ਨੇ ਕੀਤੇ ਗਏ ਇਕ ਸਮਝੌਤੇ ਨੂੰ ਤੋੜਿਆ, ਸਿੱਧੇ ਦਰਰੇ ਵਲੁਏ ਰਸਤਾ ਸੁਰਖਿਅਤ ਹੋਣ ਕਰਕੇ ਬੰਦ ਸੀ ਇਸ ਲਈ ਫੌਜ ਨੂੰ ਹਦਾਇਤ ਮਿਲੀ ਕਿ ਪਹਾੜੀ ਪਗਡੰਡੀਆਂ ਰਾਹੀਂ ਪਿਛਲੇ ਰੱਖਿਆਂ ਤੇ ਹਮਲਾ ਕਰਨਾ ਹੈ। ਇਸ ਰਣਨੀਤਕ ਕਦਮ ਦੀ ਅਗਵਾਈ ਅਕਾਲੀ ਫੂਲਾ ਸਿੰਘ ਨੇ ਕੀਤੀ, ਸਿਖਾਂ ਨੇ ਪਹਿਲਾਂ ਬਾਹਰੀ ਰੱਖੇ ਮੋਹਰੇ ਕਬਜੇ ਚ ਕੀਤੇ ਫਿਰ ਭਾਰੀ ਜੰਗ ਤੋਂ ਬਾਅਦ ਮੁੱਖ ਕਿਲ੍ਹਾ ਫਤਹਿ ਕੀਤਾ ਅਤੇ ਕਸ਼ਮੀਰ ਸਿੱਖ ਰਾਜ ਵਿਚ ਸ਼ਾਮਲ ਹੋ ਗਿਆ।

ਨੁਸ਼ਹਿਰੇ ਦੀ ਜੰਗ ਅਤੇ ਸ਼ਹਾਦਤ :- ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿਚ ਸੈਨਾ ਇਕੱਠੀ ਕਰਕੇ ਉਸਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੂੰਭੇ ਦਰਿਆ ਕੋਲ ਉਸਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ ਫਿਰ ਉਹਨਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਫੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ । ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤੱਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ। ਇਸਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਮਹਾਰਾਜਾ ਨੇ ਫੌਜਾਂ ਨੂੰ ਰੁਕਣ ਦਾ ਹੁਕਮ ਦੇ ਦਿੱਤਾ। ਅਕਾਲੀ ਫੂਲਾ ਸਿੰਘ ਨੇ ਅਰਦਾਸ ਦਾ ਹਵਾਲਾ ਦੇ ਕੇ ਕੜਕ ਕੇ ਕਿਹਾ ਚੜ੍ਹਾਈ ਹੁਣੇ ਹੀ ਹੋਵੇਗੀ।

ਪ੍ਰੋ.ਸਰਬਜਿੰਦਰ ਸਿੰਘ ਅਨੁਸਾਰ ਨੁਸ਼ਹਿਰਾ ਦੀ ਲੜਾਈ ਅਫਗਾਨਿਸਤਾਨ ਦੇ ਬਾਦਸ਼ਾਹ ਨਾਲ ਹੋਈ ਤਾਂ ਉਹ 50,000 ਸੈਨਿਕਾਂ ਦੀ ਫੌਜ ਲੈ ਕੇ ਆਏ ਸਨ ਪਰ ਅਕਾਲੀ ਫੂਲਾ ਸਿੰਘ ਕੋਲ 1500 ਸੈਨਿਕਾਂ ਦੀ ਫੌਜ ਸੀ। ਪ੍ਰੋ.ਸਾਹਿਬ ਲਿਖਦੇ ਹਨ, “ਇਸ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਛਾਪਾਮਾਰ ਗੁਰੀਲਾ ਯੁੱਧ ਦੀ ਤਕਨੀਕ ਅਪਨਾਉਣਾ ਚਾਹੁੰਦੇ ਸਨ, ਪਰ ਬਾਬਾ ਫੂਲਾ ਸਿੰਘ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਉਹ ” ਅਰਦਾਸਾ ਸੋਧ ਚੁੱਕੇ ਹਨ” ਅਤੇ “ਚੜ੍ਹਾਈ ਕਰਨਗੇ। ” ਫੂਲਾ ਸਿੰਘ ਆਪਣੀ 1500 ਘੋੜ ਸਵਾਰਾਂ ਦੀ ਫੌਜ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ।ਜਦੋ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਦੇਖਿਆ ਤਾਂ ਉਹ ਵੀ ਪਿੱਛੇ ਨਾ ਰਹਿ ਸਕੇ ਅਤੇ ਸ਼ਹਿਜ਼ਾਦਾ ਖੜਕ ਸਿੰਘ, ਸ. ਹਰੀ ਸਿੰਘ ਨਲੂਆ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਦੁਸ਼ਮਣ ਦਲਾਂ ਨੂੰ ਚੀਰਦੇ ਹਜਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ। 1823 ਦੀ ਇਹ ਜੰਗ ਬਹੁਤ ਘਮਸਾਨ ਦੀ ਜੰਗ ਸੀ।  ਜੰਗ ਦੌਰਾਨ ਨਿਹੰਗ ਫੌਜ ਘੋੜਿਆਂ ਤੇ ਸਵਾਰ ਹੋ ਕੇ ਪਹਿਲਾਂ ਦੁਸ਼ਮਣ ਦੇ ਮੱਥੇ ਤੇ ਜਾ ਟਕਰਾਈ। ਨੇੜੇ ਪੁੱਜ ਕੇ ਘੋੜੇ ਛੱਡ ਕੇ ਪੈਦਲ ਹੱਥੋਂ ਹੱਥੀ ਤਲਵਾਰਬਾਜ਼ੀ ਕੀਤੀ, ਤੇ ਦੁਸ਼ਮਣ ਦੇ ਕਈ ਮੋਰਚੇ ਤੋੜੇ। ਪਰ ਨਿਹੰਗ ਫੌਜਾਂ ਵੀ ਵੱਡੀ ਗਿਣਤੀ ਵਿਚ ਸ਼ਹੀਦ ਹੋਈਆਂ।

ਕਾਦਰਯਾਰ ਆਪਣੀਆਂ ਸੀ-ਹਰਫ਼ੀਆਂ ਵਿਚ ਜਿਕਰ ਕਰਦਾ ਹੈ –

ਵਾਓ ਵਰ੍ਹਾਈ ਫਿਰ ਸਿੰਘ ਤਲਵਾਰ ਐਸੀ, ਦੂਰੋਂ ਆਉਂਦਾ ਪਿਆ ਸੀ ਖੜਕ ਮੀਆਂ ।।
ਜਿੰਨੂ ਧਾਰ ਤਲਵਾਰ ਇੱਕ ਵਾਰ ਚੁੱਭੀ, ਗਿਆ ਵਾਂਗ ਕਰੀਰ ਦੇ ਕੜਕ ਮੀਆਂ ।।
ਲਾ ਜਰੂਰ ਅਫਗਾਨ ਬੇ-ਖੌਫ ਹੁੰਦੇ, ਲੇਕਿਨ ਸਿੰਘ ਸੀ ਬਹੁਤ ਬੇਧੜਕ ਮੀਆਂ ।।
ਕਾਦਰਯਾਰ ਅਫਗਾਨ ਬੇਸ਼ਕ ਲੜਦੇ, ਐਪਰ ਝੱਲ ਨਾ ਸਕਦੇਂ ਫੜਕ ਮੀਆਂ ।। ੨੯॥……………..(ਕਾਦਰਯਾਰ)

ਅਕਾਲੀ ਫੂਲਾ ਸਿੰਘ ਅੱਗੇ ਅੱਗੇ ਰਹੇ ਅਤੇ ਆਖਰੀ ਵਾਰ ਉਹ ਇੱਕ ਤਿੱਖੇ ਹਮਲੇ ਦੌਰਾਨ ਉਹ ਖੁਦ ਵੀ ਦੁਸ਼ਮਣ ਦੇ ਹਮਲਿਆਂ 7 ਗੋਲੀਆਂ ਖਾ ਕੇ ਮੈਦਾਨੇ-ਜੰਗ ਵਿੱਚ ਸ਼ਹੀਦ ਹੋ ਗਏ ਪਰ ਉਨ੍ਹਾਂ ਦੇ ਜਜ਼ਬੇ ਨੇ ਪੂਰੀ ਸਿੱਖ ਫ਼ੌਜ ਦੇ ਮਨੋਬਲ ਨੂੰ ਇਸ ਕਦਰ ਉਭਾਰਿਆ ਕਿ ਅੰਤ ਵਿਚ ਨੁਸ਼ਹਿਰਾ ਵਿਚ ਅਫਗਾਨ ਕਬੀਲਿਆਂ ਨੂੰ ਭਾਰੀ ਨੁਕਸਾਨ ਨਾਲ ਪਿੱਛੇ ਹਟਣਾ ਪਿਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਨਿਹੰਗ ਦਲ ਲੜਦਾ ਰਿਹਾ ਅਤੇ ਲਗਭਗ ਚਾਰ ਹਜ਼ਾਰ ਅਫਗਾਨ ਮੈਦਾਨ ਵਿਚ ਮਾਰੇ ਗਏ ਜਿਸਨੂੰ ਸਿੱਖ ਰਾਜ ਦੀ ਰੱਖਿਆ ਵਿਚ ਇਕ ਨਿਰਣਾਇਕ ਜਿੱਤ ਮੰਨਿਆ ਜਾਂਦਾ ਹੈ। ਉਹਨਾਂ ਦਾ ਸੰਸਕਾਰ ਫੌਜੀ ਸ਼ਾਨ ਨਾਲ ਇੱਥੇ ਹੀ ਕੀਤਾ ਗਿਆ। ਉਹਨਾਂ ਦੀ ਸਮਾਧ ਨੁਸ਼ਹਿਰਾ ਪੰਨੂੰਆਂ ਤੋਂ 6 ਕਿਲੋ ਮੀਟਰ ਦੂਰ ਲੂੰਭੇ ਦਰਿਆ ਦੇ ਕੰਢੇ ਤੇ ਹੈ।ਇਹ ਇੱਕ ਮੰਨੀ ਹੋਈ ਸਚਾਈ ਸੀ ਕਿ ਸਿੱਖ ਰਾਜ ਵਿਚ ਇਸਤੋਂ ਵੱਧ ਸੂਰਬੀਰ, ਧਾਰਮਿਕ ਤੌਰ ਤੇ ਪ੍ਰਪੱਕ ਅਤੇ ਨਿਡਰ ਕੋਈ ਹੋਰ ਜਰਨੈਲ ਨਜਰ ਨਹੀਂ ਆਉਂਦਾ । ਹਰ ਸਾਲ ਉਹਨਾਂ ਦੇ ਪਿੰਡ ਦੇਹਲਾ ਸੀਹਾਂ ਜਿਲਾ ਸੰਗਰੂਰ ਵਿਚ 14 ਜਨਵਰੀ ਨੂੰ ਜਨਮ ਦਿਹਾੜਾ ਅਤੇ 10 ਤੋਂ14 ਮਾਰਚ ਤੱਕ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।  ਉਹਨਾਂ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ। ਉਹਨਾਂ ਦੇ ਭਰਾ ਸੰਤ ਸਿੰਘ ਦੀ ਔਲਾਦ ਅੱਜ ਵੀ ਤਰਨਤਾਰਨ ਇਲਾਕੇ ਵਿਚ ਹੈ। ਅਕਾਲੀ ਫੂਲਾ ਸਿੰਘ ਦਾ ਬੁਰਜ ਅਤੇ ਛਾਉਣੀ ਅੰਮ੍ਰਿਤਸਰ ਵਿਚ ਦੇਖੀ ਜਾ ਸਕਦੀ ਹੈ।

ਮਹਾਰਾਜਾ ਰਣਜੀਤ ਸਿੰਘ ਅਤੇ ਫੂਲਾ ਸਿੰਘ :- ਫੂਲਾ ਸਿੰਘ ,ਮਹਾਰਾਜਾ ਰਣਜੀਤ ਸਿੰਘ ਦੇ ਚੋਣਵੇਂ ਉੱਤਮ ਜਰਨੈਲਾਂ ਵਿਚੋਂ ਇੱਕ ਸਨ। ਉਹਨਾਂ ਨੇ ਰਾਜੇ ਨੂੰ ਕਸੂਰ,  ਮੁਲਤਾਨ, ਕਸ਼ਮੀਰ, ਪਿਸ਼ਾਵਰ ,ਬਿਹਾਵਲਪੁਰ ਤੇ ਅਟਕ ਵਰਗੀਆਂ ਔਖੀਆਂ ਜੰਗਾਂ ਜਿੱਤ ਕੇ ਦਿੱਤੀਆਂ। ਪਰ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਉਨੀ ਕਦਰ ਨਹੀਂ ਕੀਤੀ, ਜਿੰਨੀ ਦਾ ਉਹ ਹੱਕਦਾਰ ਸੀ। ਅਕਾਲੀ ਫੂਲਾ ਸਿੰਘ ਨੂੰ ਬਹੁਤੀ ਵਾਰ ਜਥੇਦਾਰ ਅਕਾਲ ਤਖਤ ਵੀ ਕਹਿ ਦਿੱਤਾ ਜਾਂਦਾ ਹੈ ਜਦ ਕਿ ਆਧੁਨਿਕ ਵਿਦਵਾਨਾਂ ਅਨੁਸਾਰ ਉਹਨਾਂ ਦੀ ਪਦਵੀ ਮੁੱਖ ਸੇਵਾਦਾਰ ਅਕਾਲ ਬੁੰਗਾ ਜਾਂ ਮੁਖੀ ਨਿਹੰਗ ਬੁੱਢਾ ਦਲ ਸੀ ਜਦੋਂ ਕਿ ਅਕਾਲ ਤਖਤ ਦੀ ਸੰਸਥਾ ਆਪਣੇ ਨਾਮ ਅਤੇ ਸਰੂਪ ਵਿਚ ਵਿਕਸਿਤ ਨਹੀਂ ਸੀ ਹੋਈ।  ਤਕਨੀਕੀ ਪਦਵੀ ਜਿਹੜੀ ਵੀ ਹੋਵੇ, ਅਮਲੀ ਤੌਰ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਪੰਥਕ ਗੁਰਮਤੇ ਕਰਵਾਉਣ, ਵਿਵਾਦਾਂ ਤੇ ਫੈਸਲੇ ਕਰਨ ਅਤੇ ਦੂਰੋਂ ਆਈਆਂ ਸੰਗਤਾਂ ਲਈ ਅੰਤਿਮ ਪੰਥਕ ਅਧਿਕਾਰਤਾ ਦਾ ਰੂਪ ਸਨ। ਇੱਕ ਵਾਕਿਆ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮੁਸਲਮਾਨ ਨਰਤਕੀ ਨਾਲ ਵਿਆਹ ਕੀਤਾ ਜਿਸਨੂੰ ਖਾਲਸਾ ਰਾਜ ਵਿਚ ਗੁਰਮਤਿ ਦੀ ਉਲੰਘਣਾ ਮੰਨਿਆ ਜਾਂਦਾ ਹੈ ,ਤਾਂ ਅਕਾਲੀ ਫੂਲਾ ਸਿੰਘ ਨੇ ਉਸਨੂੰ ਹਾਜਰ ਹੋਣ ਦਾ ਹੁਕਮ ਸੁਣਾ ਦਿੱਤਾ। ਮਹਾਰਾਜਾ ਹਾਜਰ ਹੋਏ, ਗਲਤੀ ਵੀ ਸਵੀਕਾਰ ਕੀਤੀ, ਪੰਥਕ ਸੰਗਤ ਨੇ ਉਹਨਾਂ ਲਈ ਕੋੜਿਆਂ ਦੀ ਸਜਾ ਦਾ ਫੈਸਲਾ ਕੀਤਾ, ਜਿਸ ਨੂੰ ਰਾਜੇ ਨੇ ਨਿਮਰਤਾ ਨਾਲ ਸਵੀਕਾਰ ਕੀਤਾ। ਕਹਾਣੀ ਅਨੁਸਾਰ ਅਕਾਲੀ ਫੂਲਾ ਸਿੰਘ ਨੇ ਰਾਜੇ ਦੀ ਨਿਮਰਤਾ ਅਤੇ ਤੋਬਾ ਦੇਖ ਕੇ ਉਸਨੂੰ ਮੁਆਫੀ ਦੀ ਸਿਫਾਰਸ਼ ਕਰ ਦਿੱਤੀ। ਇਸਤੋਂ ਇੱਕ ਤਾਂ ਇਹ ਸਪਸ਼ਟ ਹੋਇਆ ਕਿ ਉਹ ਰਾਜੇ ਨੂੰ ਵੀ ਗ੍ਰੰਥ ਪੰਥ ਤੋਂ ਉੱਪਰ ਨਹੀਂ ਸੀ ਮੰਨਦੇ, ਦੂਸਰਾ ਉਸਦੀ ਨਿਮਰਤਾ ਤੇ ਭਾਵਨਾ ਦੇਖ ਕੇ ਮੁਆਫ ਕਰਨਾ ਵੀ ਖਾਲਸਾਈ ਬਿਰਦ ਦੇ ਅਨੁਸਾਰ ਸੀ।

ਸਿੱਖ ਕੌਮ ਆਪਣੇ ਹੀਰੇ ਨੂੰ ਹਮੇਸ਼ਾ ਯਾਦ ਕਰਦੀ ਰਹੇਗੀ ਜਿਸ ਨੇ ਨਿਰਭਉ, ਨਿਰਵੈਰ, ਗ੍ਰੰਥ ਪੰਥ ਪ੍ਰਤੀ ਪ੍ਰੇਮ ਅਤੇ ਸਮਰਪਣ ਵਿਚ ਰਹਿ ਕੇ, ਗੁਰਮਤਿ ਅਨੁਸਾਰੀ ਜੀਵਨ ਜੀਉ ਕੇ ਦਿਖਾਇਆ । ਅਤੇ ਆਪਣੇ ਸਮੇਂ ਦੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ। ਅਜੋਕੇ ਸਿੱਖ ਆਗੂਆਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>